ਇਤਿਹਾਸ
ਜਾਣ ਪਹਿਚਾਣ
ਜਿਲ੍ਹਾ ਸੰਗਰੂਰ 1948 ਵਿਚ ਬਣਾਇਆ ਗਿਆ ਸੀ। ਆਪਣੇ ਹੈਡ ਕੁਆਟਰ ਤੋਂ ਪਿਆ ਇਸ ਜਿਲ੍ਹੇ ਦੇ ਨਾਮ ਸੰਗਰੂਰ ਬਾਰੇ ਕਿਹਾ ਜਾਂਦਾ ਹੈ ਕਿ ਇਸ ਦੀ ਖੋਚਜ ਸੰਘੂ ਨਾਮ ਦੇ ਜੱਟ ਨੇ ਤਕਰੀਬਨ 400 ਸਾਲ ਪਹਿਲਾਂ ਕੀਤੀ ਸੀ। ਅਜੋਕਾ ਸੰਗਰੂਰ ਕੁਝ ਸਾਬਕਾ ਵਿਸ਼ੇਸ਼ ਪ੍ਰਬੰਧਕੀ ਇਕਾਈਆਂ, ਜੀਂਦ, ਨਾਭਾ ਅਤੇ ਪਟਿਆਲਾ ਦੀ ਫੁਲਕੀਆਂ ਰਿਆਸਤ, ਮਲੇਰਕੋਟਲਾ ਦੀ ਮੁਸਲਮਾਨ ਰਿਆਸਤ ਅਤੇ ਉਸ ਸਮੇਂ ਦੇ ਲੁਧਿਆਣਾ ਜਿਲ੍ਹੇ ਦੇ ਕੁਝ ਹਿੱਸਿਆਂ ਨਾਲ ਮਿਲ ਕੇ ਬਣਿਆ ਹੋਇਆ ਹੈ। ਇਹ ਇਕ ਦਿਲਚਸਪੀ ਵਾਲਾ ਤੱਥ ਹੈ ਕਿ ਸੰਗਰੂਰ ਖੁਦ ਪਹਿਲਾਂ ਨਾਭਾ ਰਿਆਸਤ ਦਾ ਹਿੱਸਾ ਹੋਇਆ ਕਰਦਾ ਸੀ। ਇਸ ਲਈ ਇਸ ਜਿਲ੍ਹੇ ਦਾ ਇਤਿਹਾਸ ਗੁੰਝਲਦਾਰ ਹੈ ਐਪਰ ਕਈ ਤੱਤਾਂ ਰਾਹੀਂ ਇਸ ਦੀ ਖੋਜ ਕੀਤੀ ਜਾ ਸਕਦੀ ਹੈ। ਸੰਖੇਪ ਵਿੱਚ ਜਿਲ੍ਹੇ ਦਾ ਇਤਿਹਾਸ ਹੇਠ ਅਨੁਸਾਰ ਹੈ:
ਪੁਰਾਤਨ ਕਾਲ
ਪੁਰਾਤੱਤਤਵ ਵਿਭਾਗ, ਪੰਜਾਬ ਵੱਲੋਂ ਸੰਗਰੂਰ ਜਿਲ੍ਹੇ ਦੀ ਮਾਲੇਰਕੋਟਲਾ ਤਹਿਸੀਲ ਵਿਖੇ ਵਿਭਿੰਨ ਸਥਾਨਾਂ ਤੇ ਕੀਤੀਆਂ ਗਈਆਂ ਖੁਦਾਈਆਂ ਦੌਰਾਨ ਇਸ ਜਿਲ੍ਹੇ ਦੇ ਸਮਰਿੱਧ ਪੁਰਾਤਨ ਇਤਿਹਾਸ ਦੇ ਚੋਖੇ ਸਬੂਤ ਮਿਲੇ ਹਨ। ਉਪਲੱਬਧ ਅੰਕੜਿਆਂ ਦੀ ਨਜ਼ਦੀਕੀ ਘੋਖ ਨਾਲ ਖੋਜਾਰਥੀਆਂ ਨੇ ਪਤਾ ਲਗਾਇਆ ਹੈ ਕਿ ਜਿਲ੍ਹੇ ਦਾ ਪੁਰਾਤਨ ਇਤਿਹਾਸ ਪੂਰਬ-ਹੜੱਪਾ ਕਾਲ ਤੋਂ ਹੈ। ਖੁਦਾਈ ਕੀਤੀਆਂ ਗਈਆਂ ਤਕਰੀਬਨ ਸਾਰੀਆਂ ਥਾਵਾਂ ਜਿਲ੍ਹਾ ਸੰਗਰੂਰ ਦੀ ਮਾਲੇਰਕੋਟਲਾ ਤਹਿਸੀਲ ਵਿਚ ਪੈਦੀਆਂ ਹਨ। ਮਾਲੇਰਕੋਟਲਾ ਵਿਖੇ ਖੁਦਾਈ ਕੀਤੇ ਗਏ ਮਹੱਤਵਪੂਰਨ ਸਥਾਨਾਂ ਦਾ ਵੇਰਵਾ ਹੇਠ ਅਨੁਸਾਰ ਹੈ।
- ਰੋਹਿੜਾ
- ਮਹੁਰਾਣਾ
- ਬੁੱਢਣ
- ਬਾਹਵਾ
- ਭਸੌੜ
- ਢੀਂਗਰੀ
- ਜੰਡਾਲੀ
- ਮਲੌੜ ਰੋੜੀਆਂ (ਥੇਹ ਲੋਹਾਰਾਂ)
- ਮੁਹੰਮਦਪੁਰ
ਇਹ ਮੰਡੀ ਅਹਿਮਦਗੜ੍ਹ ਤੋਂ ਤਕਰੀਬਨ 6 ਕਿਲੋ.ਮੀ. ਅਤੇ ਮਾਲੇਰਕੋਟਲਾ ਤੋਂ ਲਗਭਗ 13 ਕਿ.ਮੀ. ਦੀ ਦੂਰੀ ਤੇ ਸਥਿਤ ਹੈ। ਇਹ ਲਾਈਨ ਆਫ ਡਿਪਰੈਸ਼ਨ ਦੇ ਨਾਲ ਸਥਿਤ ਹੈ ਜੋ ਸਤਲੁਜ ਦਰਿਆ ਦੇ ਪੁਰਾਤਨ ਰਸਤੇ ਤੇ ਚੱਲਦੀ ਹੈ। ਇੱਥੇ ਇਹ ਜ਼ਿਕਰ ਕਰਨਯੋਗ ਹੋਵੇਗਾ ਕਿ ਰੋਹਿੜਾ ਨੇੜੇ 1762 ਈ. ਵਿਚ ਵੱਡਾ ਘੱਲੂਕਾਰਾ ਦੌਰਾਨ ਅਹਿਮਦ ਸ਼ਾਹ ਅਬਦਾਲੀ ਵੱਲੋਂ ਹਜ਼ਾਰਾਂ ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ ਸੀ। ਹਾਲ ਹੀ ਵਿਚ ਪੂਰਵ ਹੜੱਪਣ ਰਿਹਾਇਸ਼ ਦੀ ਇਕ ਰੁਮਾਂਚਕ ਖੋਜ ਹੋਈ ਹੈ ਜੋ ਸਿੰਧੂ ਘਾਟੀ ਦੀ ਹੜੱਪਣ ਸਭਿਅਤਾ ਦੇ ਪੂਰਵ ਲੱਛਣ ਹਨ ਜੋ ਰੋਹਿੜਾ ਵਿਖੇ ਇਕ ਪੁਰਾਤਨ ਟੀਲੇ ਤੇ ਸਥਿਤ ਹਨ ਅਤੇ ਭਾਰਤ ਵਿਚ ਪੂਰਵ ਹੜੱਪਾ ਦਾ ਦੂਜਾ ਸਭ ਤੋਂ ਮਹੱਤਵਪੂਰਨ ਸਥਾਨ ਹਨ। ਰਾਜਸਥਾਨ ਦੇ ਇਲਾਕੇ ਵਿਚ ਸ੍ਰੀ ਗੰਗਾ ਨਗਰ ਵਿਖੇ ਕਲੀਬਾਂਗਾਂ ਪਹਿਲਾ ਪੂਰਵ ਹੜੱਪਾ ਸਥਾਨ ਸੀ ਜਿਸ ਦਾ ਪਤਾ 10 ਸਾਲਾਂ ਦੀ ਨਿਰੰਤਰ ਖੁਦਾਈ ਤੋਂ ਬਾਅਦ ਚੱਲਿਆ ਸੀ। ਮਾਹਿਰਾਂ ਦਾ ਮੰਨਣਾ ਹੈ ਕਿ ਕਲੀਬਾਗਾਂ ਇਲਾਕੇ ਤੋਂ ਹੀ ਪੂਰਵ ਹੜੱਪਣ ਲੋਕ ਕੁਝ ਨਦੀਆਂ ਦੇ ਨਾਲ ਨਾਲ, ਹੁਣ ਸੁਕ ਚੁੱਕੀਆਂ ਹਨ, ਉੱਤਰ ਜਾਂ ਉੱਤਰ ਪੂਰਬੀ ਦਿਸ਼ਾ ਵੱਲ ਚੱਲਣੇ ਸੁਰੂ ਹੋਏ। ਇਨ੍ਹਾਂ ਪੁਰਾਤਨ ਜਲ ਮਾਰਗਾਂ ਦੇ ਨਿਸ਼ਾਨ ਰੇਤ ਦੇ ਟੀਲੇ ਦਰਸਾਉਂਦੇ ਹਨ। ਸਤਲੁਜ ਵੱਲ ਇਸ ਪਲਾਇਣ ਦੇ ਵੱਖ ਵੱਖ ਪੜਾਵਾਂ ਬਾਰੇ ਹੁਣ ਤੱਕ ਕੋਈ ਖੋਜਬੀਨ ਨਹੀਂ ਕੀਤੀ ਗਈ ਹੈ।
ਇਹ ਟੀਲਾ ਆਲੇ ਦੁਆਲੇ ਦੇ ਖੇਤਾਂ ਤੋਂ ਤਕਰੀਬਨ 10 ਮੀਟਰ ਉੱਚਾ ਹੈ। ਪਹਿਲਾਂ ਇਹ ਤਕਰੀਬਨ 30 ਏਕੜ ਤੋਂ ਵੱਧ ਰਕਬਾ ਕਵਰ ਕਰਦਾ ਸੀ। ਐਪਰ ਹੁਣ ਕੇਵਲ 15 ਏਕੜ ਹੀ ਰਹਿ ਗਿਆ ਹੈ, ਬਾਕੀ ਉਤੇ ਖੇਤੀ ਕੀਤੀ ਜਾਂਦੀ ਹੈ। ਇਸ ਵਿਚੋਂ 900 ਵਰਗ ਮੀਟਰ ਦਾ ਰਕਬਾ ਖੁਦਾਈ ਹਿਤ ਲਿਆ ਗਿਆ ਹੈ।
ਇਸ ਸਥਾਨ ਤੇ ਸਭ ਤੋਂ ਪਹਿਲੀ ਵੱਸੋਂ ਲਗਭਗ 2300 ਈ.ਪੂ. ਤੋਂ ਮੰਨੀ ਜਾਂਦੀ ਹੈ। ਇਸ ਦੀ ਉਪਜਾਊ ਮਿੱਟੀ ਅਤੇ ਪਾਣੀ ਦੀ ਉਪਲੱਬਧਤਾ ਦੇ ਆਕਰਸ਼ਣ ਕਾਰਨ ਸਿੰਧ ਅਤੇ ਬਲੁਚਿਸਤਾਨ ਦੇ ਲੋਕ ਸਤਲੁਜ ਜਾਂ ਘੱਗਰ ਦੇ ਨਾਲ ਨਾਲ ਚੱਲਦੇ ਰੋਹਿੜਾ ਵਿਖੇ ਵੱਸ ਗਏ।
ਉਹ ਇਸ ਨਵੀਂ ਨਕੋਰ ਮਿੱਟੀ ਉੱਤੇ ਛੱਪਰ ਵਾਲੀਆਂ ਝੋਂਪੜੀਆਂ ਵਿਚ ਰਹਿਣ ਲੱਗੇ। ਕਾਫੀ ਦੇਰ ਬਾਅਦ ਉਨ੍ਹਾਂ ਨੇ ਕੱਚੀਆਂ ਇੱਟਾਂ ਵਾਲੇ ਘਰ ਬਨਾਉਣੇ ਆਰੰਭ ਕਰ ਦਿੱਤੇ। ਮਕਾਨਾਂ ਦੇ ਨਕਸ਼ੇ ਬਹੁਤ ਖੂਬਸੂਰਤ ਸਨ ਅਤੇ ਖੁੱਲ੍ਹੇ ਡੁੱਲੇ ਸਨ।
ਵੱਡੀ ਗਿਣਤੀ ਵਿਚ ਟੈਰਾਕੋਟਾ ਦੇ ਹਾਰ, ਸੁਲੇਮਾਲੀ ਪੱਥਰ, ਟੈਰਾਕੋਟਾ ਦੀ ਵੰਗ ਦੇ ਟੋਟੇ ਅਤੇ ਹੱਡੀਆਂ ਨਾਲ ਬਣਾਆਂ ਕਲਮਾਂ ਦਾ ਮਿਲਣਾ ਇਸ ਇਲਾਕੇ ਦੀ ਖੁਸ਼ਹਾਲੀ ਅਤੇ ਦੂਰ ਦੁਰਾਡੇ ਦੀਆਂ ਥਾਵਾਂ ਨਾਲ ਇਸ ਦੇ ਵਪਾਰਕ ਸਬੰਧਾਂ ਦਾ ਗਵਾਹ ਹੈ।
ਇਸ ਕਾਲ ਨੂੰ ਪੂਰਬ-ਹੜੱਪਣ ਕਾਲ ਕਿਹਾ ਗਿਆ ਹੈ। ਇਸ ਸਥਾਨ ਤੇ ਮਿਲੀਆਂ ਵਸਤਾਂ ਦੀ ਤੁਲਨਾ ਕਲੀ ਬਾਂਗਾਂ (ਰਾਜਸਥਾਨ), ਬਣਾਵਾਲੀ (ਜਿਲ੍ਹਾ ਭਿਵਾਨੀ), ਬਾਲੂ (ਜਿਲ੍ਹਾ ਜੀਂਦ) ਅਤੇ ਪਾਕਿਸਤਾਨ ਵਿਚ ਸਥਿਤ ਕੋਟ ਦੀਜੀ ਅਤੇ ਅਮਰੀ ਨਾਲ ਕੀਤੀ ਜਾ ਸਕਦੀ ਹੈ।
ਮੰਨਿਆ ਜਾਂਦਾ ਹੈ ਕਿ ਇਸ ਸਥਾਨ ਤੇ ਤਕਰੀਬਨ 2000 ਈ. ਪੂ. ਤੋਂ ਨਵੇਂ ਲੋਕ ਵੱਸ ਗਏ। ਇਨ੍ਹਾਂ ਦੇ ਭਾਂਡੇ ਜਿਆਦਾ ਮਜ਼ਬੂਤ ਸਨ ਅਤੇ ਸਾਜੋ ਸਮਾਨ ਵਧੇਰੇ ਚੰਗਾ ਸੀ। ਕਿਸੇ ਵੀ ਪ੍ਰਕਾਰ ਦੇ ਉਥਲ ਪੁਥਲ ਦੇ ਕੋਈ ਸਬੂਤ ਨਹੀਂ ਹਨ।
ਹਮਲਾਵਰਾਂ ਤੋਂ ਬਚਣ ਲਈ ਇਕ ਗੜੀ ਬਣੀ ਹੋਈ ਸੀ ਜੋ ਸ਼ਾਇਦ ਰਿਹਾਸ਼ੀ ਇਲਾਕੇ ਦੇ ਆਲੇਦੁਆਲੇ ਸੀ। ਮੋਤੀਆਂ ਦੇ ਹਾਰ ਬਨਾਉਣ ਵਾਲਿਆਂ ਦੇ ਘਰ ਮਿਲੇ ਹਨ ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਮੁਕੰਮਲ ਅਤੇ ਅਧੂਰੇ ਹਾਰ ਅਤੇ ਤਾਂਬੇ ਦੀਆਂ ਦੋ ਛੈਣੀਆਂ ਮਿਲੀਆਂ ਹਨ। ਇਹ ਖੋਜਾਂ ਤਾਂਬੇ-ਪਿੱਤਲ ਯੁਗ ਦੀ ਆਧੁਨਿਕ ਤਕਨਾਲੌਜੀ ਵੱਲ ਇਸ਼ਾਰਾ ਕਰਦੀਆਂ ਹਨ। ਕੁਝ ਸੋਨੇ ਦੇ ਹਾਰ ਲੋਕਾਂ ਦੀ ਸਮਰਿੱਧੀ ਦੇ ਪ੍ਰਤੀਕ ਹਨ। ਉਹ ਵਧੀਆਂ ਪੱਕੇ ਭਾਂਡੇ, ਮਰਤਬਾਨ ਅਤੇ ਕੁੰਡੀਆਂ ਦੀ ਵਰਤੋਂ ਕਰਦੇ ਸਨ। ਬਲਦ ਦੇ ਮਿੱਟੀ ਦੇ ਬੁੱਤ, ਟੇਰਾਕੋਟਾ ਅਤੇ ਇਡਲੀ ਦੇ ਆਕਾਰ ਦੇ ਕੇਕ ਵੀ ਭਾਰੀ ਮਾਤਰਾ ਵਿੱਚ ਮਿਲੇ ਹਨ। ਪੱਕੀਆਂ ਇੱਟਾਂ ਦਾ ਇਕ ਖੂਹ ਵੀ ਮਿਲਿਆ ਹੈ। ਮਕਾਨ ਉਸਾਰੀ ਦੇ ਘੱਟੋ ਘੱਟ ਪੰਜ ਪੜਾਵਾਂ ਬਾਰੇ ਪਤਾ ਚੱਲਿਆ ਹੈ।
ਸਭ ਤੋਂ ਮਹੱਤਵਪੂਰਣ ਖੋਜ ਇਕ ਟੈਰਾਕੋਟਾ ਦੀ ਮੁਹਰ ਹੈ ਜੋ ਹੱਤਿਆ ਦੀ ਰਸਮ ਦਾ ਪੁਰਾਣਿਕ ਦ੍ਰਿਸ਼ ਦਿਖਾਉਂਦੀ ਹੈ। 1700 ਈ.ਪੂ. ਤੱਕ ਹਿਹ ਸਥਾਨ ਵੀਰਾਨ ਹੋ ਗਿਆ ਹਅਤੇ ਫ਼ਿਰ ਬਾਰਾ ਲੋਕਾਂ (ਰੋਪੜ ਨੇੜੇ ਬਾਰਾ ਦੇ ਨਾਂ ਤੇ ਪਿਆ) ਨੇ ਇਸ ਨੂੰ ਵਸਾਇਆ। ਗਮਲਿਆਂ, ਭਾਂਡਿਆਂ ਅਤੇ ਪਾਣੀ ਦੇ ਮਰਤਬਾਨਾ ਦੀ ਵਰਤੋਂ ਇਸ ਸੱਭਿਅਤਾ ਦੀ ਵਿਸ਼ੇਸ਼ਤਾ ਸੀ। ਕਾੱਮ ਬਿਨ ਦਾ ਪ੍ਰਯੋਗ ਇਸ ਇਲਾਕੇ ਦੀ ਇਕ ਖਾਸੀਅਤ ਸੀ। ਨਵੇਂ ਲੋਕ, ਜਿਨ੍ਹਾਂ ਨੇ ਰੋਹਿੜਾ ਨੂੰ 1100 ਤੋਂ 500 ਈ.ਪੂ. ਤੱਕ ਆਪਣਾ ਘਰ ਬਣਾਇਆ, ਰੰਗ ਕੀਤੇ ਸਲੇਟੀ ਭਾਂਡਿਆਂ ਦੀ ਵਰਤੋਂ ਕਰਿਆ ਕਰਦੇ ਸਨ। ਉਨ੍ਹਾਂ ਤੋਂ ਬਾਅਦ ਆਉਣ ਵਾਲਿਆਂ ਨੇ (600 ਤੋਂ 200 ਈ.ਪੂ.) ਕਾਲੇ ਭਾਂਡਿਆਂ ਦੀ ਵਰਤੋਂ ਕੀਤੀ। ਹਾਲਾਂਕਿ ਖੁਦਾਈ ਅਧੀਨ ਰਕਬੇ ਵਿਚ ਉਨ੍ਹਾਂ ਦੇ ਨਿਯਮਿਤ ਰਹਿਣ ਸਹਿਣ ਬਾਰੇ ਪਤਾ ਨਹੀਂ ਚੱਲਿਆ ਪਰ ਸਤਰੀ ਖੋਜ ਅਤੇ ਖੱਡਿਆਂ ਵਿਚ ਉਨ੍ਹਾਂ ਦੀ ਇਸ ਇਲਾਕੇ ਵਿਚ ਮੌਜੂਦਗੀ ਦੇ ਸਬੂਤ ਮਿਲਦੇ ਹਨ। ਸੰਘਾ-ਕੁਸ਼ਾਣ ਭਾਂਡਿਆਂ ਦੇ ਸਬੂਤ ਮਿਲੇ ਹਨ। ਪੂਰਬੀ ਇਲਾਕੇ ਵਿਚ ਖਾਸ ਕੁਸ਼ਾਣ ਇੱਟਾਂ ਦੇ ਢਾਂਚੇ ਹਨ ਜਿਨ੍ਹਾਂ ਤੇ ਉਂਗਲਾਂ ਦੇ ਨਿਸ਼ਾਨ ਹਨ। ਕੁਝ ਟੈਰਾਕੋਟਾ ਮੂਰਤੀਆਂ ਵਿਚ ਇਕ ਦੇਵੀ ਦੀ ਮੂਰਤੀ, ਭਾਰਤੀ-ਪਾਰਥੀਅਨ ਰਾਜਾ ਗੋਂਡੋਫ਼ਰਨੀਜ਼ (ਪਹਿਲੀ ਸਦੀ ਏ.ਡੀ) ਦੇ ਕੁਝ ਛੋਟੇ ਸਿੱਕੇ ਅਤੇ ਕੁਸ਼ਾਣ ਸਿੱਕੇ ਵੀ ਮਿਲੇ ਹਨ। ਕਿਉਂ ਜੋ ਸੰਗਰੂਰ ਦਾ ਇਲਾਕਾ ਪੁਰਾਣਿਕ ਕਾਲ ਦੇ ਯੁੱਧ ਮੈਦਾਨ ਕੁਰੁਕਸ਼ੇਤਰ ਦੇ ਨੇੜੇ ਹੈ, ਇਸ ਲਈ ਇਸ ਵਿਚ ਸ਼ੱਕ ਦੀ ਗੁੰਜਾਇਸ਼ ਬਹੁਤ ਘੱਟ ਰਹਿ ਜਾਂਦੀ ਹੈ ਕਿ ਵੈਦਿਕ ਸੱਭਿਅਤਾ ਦਾ ਪ੍ਰਭਾਵ ਨਾ ਹੋਵੇ। ਇਹ ਜ਼ਰੂਰ ਆਰਿਅਨ ਲੋਕਾਂ ਦਾ ਨਿਵਾਸ ਸਥਾਨ ਰਿਹਾ ਹੋਵਗਾ। ਰਿਗਵੇਦ ਸਮਾਜਕ-ਸੱਭਿਆਚਾਰਕ ਵਿਕਾਸ ਦਾ ਸਭ ਤੋਂ ਆਰੰਭਕ ਸਾਹਿਤਕ ਰਿਕਾਰਡ ਹੈ ਅਤੇ ਸਾਨੂੰ ਇਸ ਯੁਗ ਦੇ ਲੋਕਾਂ ਦੀ ਜੀਵਨ ਸ਼ੈਲੀ ਦੀ ਪਹਿਲੀ ਝਲਕ ਪ੍ਰਦਾਨ ਕਰਦਾ ਹੈ। ਵੈਦਿਕ ਕਾਲ ਦੇ ਸਭ ਤੋਂ ਵੱਡੇ ਦੇਵਤਾ ਇੰਦਰ ਸਨ। ਵਿਭਿੰਨ ਵੈਦਿਕ ਦੇਵਤਿਆਂ ਦੇ ਚਰਿਤਰ ਦੇ ਸੰਪੂਰਣ ਵਿਸ਼ਲੇਸ਼ਣ ਵਿਚ ਆਰਿਅਨ ਸਮਾਜ ਦਾ ਜੁਝਾਰੂ ਪੱਖ ਉਜਾਗਰ ਹੁੰਦਾ ਹੈ। ਵੈਦਿਕ ਕਾਲ ਦਾ ਜੁਝਾਰੂ ਸਮਾਜ ਦੀ ਪ੍ਰਕ੍ਰਿਤੀ ਕਬੀਲਾਈ ਸੀ। ਮਹਾਭਾਰਤ ਵਿਚ ਇਕ ਆਦਰਸ਼ ਨਾਇਕ ਨੂੰ ਦਿਖਾਇਆ ਗਿਆ ਹੈ। “ਇਥੇ ਪ੍ਰਸਿੱਧੀ ਹੀ ਸਭ ਕੁਝ ਸੀ। ਅਤੇ ਪ੍ਰਸਿੱਧੀ ਸਿਰਫ਼ ਅਤੇ ਸਿਰਫ਼ ਯੁੱਧ ਨਾਲ ਹੀ ਹਾਸਲ ਕੀਤੀ ਜਾ ਸਕਦੀ ਸੀ, ਹੋਰ ਕਿਸੇ ਢੰਗ ਨਾਲ ਨਹੀਂ” ਜੰਗਲਾਂ ਵਿਚ ਗੁਰੂਆਂ ਅਤੇ ਸੰਤਾਂ ਦੇ ਆਸ਼ਰਮ ਨੌਜੁਆਨ ਧਾਵਕਾਂ ਅਤੇ ਕੈਡਿਟਾਂ ਦੇ ਫ਼ੌਜੀ ਗਤੀਵਿਧੀਆਂ ਵਾਲੇ ਕੇਂਦਰ ਸਨ।
ਇਸ ਤੋਂ ਇਲਾਵਾ ਮਹਾਭਾਰਤ ਵਿਚ ਧਰਤੀ ਉਤੇ ਰਾਜਨੀਤਿਕ ਅਤੇ ਸਮਾਜਕ-ਸੱਭਿਆਚਾਰਕ ਜੀਵਨ ਦੇ ਵਿਭਿੰਨ ਪੱਖਾਂ ਤੇ ਵਿਸਤ੍ਰਿਤ ਅਤੇ ਲਾਹੇਵੰਦ ਜਾਣਕਾਰੀ ਦਰਜ ਹੈ। ਮਹਾਭਾਰਤ ਦੇ ਅਧਿਐਨ ਤੋਂ ਪਤਾ ਚੱਲਦਾ ਹੈ ਕਿ ਯੌਧਿਆ, ਜੋ ਕਿ ਇਕ ਲੜਾਕੂ ਕਬੀਲਾ ਸੀ, ਕੁਰੁਕਸ਼ੇਤਰ ਦੀ ਪਹੁੰਚ ਵਾਲੇ ਹੋਰ ਸੰਬੱਧ ਇਲਾਕਿਆਂ ਦੇ ਨਾਲ ਅਜੋਕੇ ਸੰਗਰੂਰ ਵਿੱਚ ਰਹਿੰਦਾ ਸੀ। ਯੌਧਿਆ ਇਕ ਗਣ ਜਨਜਾਤੀ ਸੀ ਜੋ ਆਪਣੀ ਬਹਾਦਰੀ ਲਈ ਜਾਣੀ ਜਾਂਦੀ ਸੀ। ਉਨ੍ਹਾਂ ਦੇ ਸਮੇਂ ਦੇ ਜ਼ਿਆਦਾਤਰ ਸਿੱਕੇ ਪੂਰਬੀ ਪੰਜਾਬ ਅਤੇ ਸਤਲੁਜ ਅਤੇ ਯਮੁਨਾ ਦੇ ਵਿਚਕਾਰਲੇ ਇਲਾਕੇ ਵਿਚ ਪਾਏ ਗਏ ਸਨ। ਅਜੋਕੇ ਜਿਲ੍ਹਾ ਸੰਗਰੂਰ ਅਤੇ ਇਸ ਦੇ ਨਾਲ ਲੱਗਦੇ ਇਲਾਕੇ 322 ਈ.ਪੂ. ਵਿਚ ਮੌਰਯਾ ਸਲਤਨਤ ਦੇ ਅਧੀਨ ਆਉਂਦੇ ਸਨ। ਨੰਦਾ ਨੂੰ ਹਰਾ ਕੇ ਚੰਦਰਗੁਪਤ ਮੌਰਯਾ ਨੇ ਮੌਰਯਾ ਸਲਤਨਤ ਦੀ ਸਥਾਪਨਾ ਕੀਤੀ ਸੀ। ਚੌਥੀ ਸਦੀ ਦੇ ਅਰੰਭ ਤੋਂ ਲੈ ਕੇ ਛੇਵੀਂ ਸਦੀ ਦੇ ਅੰਤ ਤਕ ਇਸ ਇਲਾਕੇ ਤੇ ਗੁਪਤ ਸ਼ਾਸ਼ਨ ਦਾ ਰਾਜ ਰਿਹਾ। ਕੁ਼ਸ਼ਲ ਪ੍ਰਸ਼ਾਸਨ ਕਾਰਨ ਗੁਪਤ ਸ਼ਾਸਨ ਨੁੰ ਹਿੰਦੂਆਂ ਦਾ ਸੁਨਹਿਰੀ ਕਾਲ ਕਿਹਾ ਜਾਂਦਾ ਹੈ। ਗੁਪਤ ਸਲਤਨਤ ਦਾ ਸਭ ਤੋਂ ਪ੍ਰਸਿੱਧ ਰਾਜਾ ਚੰਦਰਗੁਪਤ ਵਿਕ੍ਰਮਾਦਿਤਯਾ ਸੀ।
ਸੱਤਵੀਂ ਸਦੀ ਦੇ ਆਰੰਭ ਵਿਚ ਇਸ ਇਲਾਕੇ ਤੇ ਪ੍ਰਭਾਵਕ ਵਰਧਨ ਦਾ ਰਾਜ ਸੀ ਜਿਸ ਦੀ ਰਾਜਧਾਨੀ ਥਾਨੇਸਰ ਸੀ ਜੋ ਅੱਜ ਦੇ ਸੰਗਰੂਰ ਜਿਲ੍ਹੇ ਦੇ ਇਲਾਕੇ ਤੋਂ ਬਹੁਤੀ ਦੂਰ ਨਹੀਂ ਸੀ। ਉਸ ਦੇ ਭਰਾ ਹਰਸ਼ ਵਰਧਨ ਨੇ ਉੱਤਰੀ ਭਾਰਤ ਵਿਚ ਫ਼ੈਲੀ ਅਰਾਜਕਤਾ ਨੂੰ ਘੱਟ ਕੀਤਾ ਅਤੇ 606-47 ਏ.ਡੀ. ਤੱਕ ਇਕਤਾਲੀ ਸਾਲ ਤੱਕ ਰਾਜ ਕੀਤਾ। ਐਪਰ ਬਾਅਦ ਵਿਚ ਸਲਤਨਤ ਦੇ ਇਲਾਕੇ ਦੇ ਵਿਸਥਾਰ ਕਾਰਨ ਹਰਸ਼ ਵਰਧਨ ਨੇ ਆਪਣੀ ਰਾਜਧਾਨੀ ਥਾਨੇਸਰ ਤੋਂ ਬਦਲ ਕੇ ਕਨੌਜ ਵਿਖੇ ਸਥਾਪਿਤ ਕਰ ਲਈ।
ਅੱਠਵੀਂ ਸਦੀ ਦੇ ਅਰੰਭ ਵਿਚ ਥਾਨੇਸਰ ਦੀ ਹੋਂਦ ਮਿਟ ਗਈ ਅਤੇ ਰਾਜਿਆਂ ਦੀ ਇਕ ਨਵੀਂ ਪੀੜ੍ਹੀ, ਤੋਮਰ ਰਾਜੇ, ਦੱਖਣ ਪੂਰਬੀ ਪੰਜਾਬ ਤੇ ਕਾਬਿਜ ਹੋ ਗਏ। ਤਕਰੀਬਨ ਇਕ ਸਦੀ ਤੋਂ ਬਾਅਦ ਤੋਮਰਾਂ ਨੂੰ ਹਟਾ ਕੇ ਅਜਮੇਰ ਦੇ ਚੌਹਾਨ ਉਨ੍ਹਾਂ ਦੀ ਥਾਂ ਆ ਗਏ।