Close

ਜ਼ਿਲ੍ਹੇ ਬਾਬਤ

ਜਿਲ੍ਹੇ ਦੇ ਨਾਮ ਦਾ ਸ੍ਰੋਤ

ਜਿਲ੍ਹਾ ਸੰਗਰੂਰ ਦਾ ਨਾਮ ਆਪਣੇ ਹੈਡਕੁਆਟਰ ਸ਼ਹਿਰ ਸੰਗਰੂਰ ਦੇ ਨਾਮ ਤੇ ਪਿਆ। ਕਿਹਾ ਜਾਂਦਾ ਹੈ ਕਿ ਇਸਦੀ ਖੋਜ ਲਗਭੱਗ ਚਾਰ ਸੌ ਸਾਲ ਪਹਿਲਾਂ ਸੰਗੂ ਨਾਮ ਦੇ ਇੱਕ ਜੱਟ ਨੇ ਕੀਤੀ ਸੀ। ਸੰਗਰੂਰ ਪਟਿਆਲਾ ਡਵੀਜ਼ਨ ਦੇ ਚਾਰ ਜ਼ਿਲ੍ਹਿਆਂ ਵਿਚੋਂ ਇਕ ਹੈ। ਇਹ ਰਾਜ ਦੇ ਦੱਖਣੀ ਜ਼ਿਲ੍ਹਿਆਂ ਵਿਚੋਂ ਇਕ ਹੈ ਅਤੇ 29-4 ਅਤੇ 30-42 ਉੱਤਰੀ ਅਕਸਾਂਸ ਅਤੇ 75-18 ਅਤੇ 76-13 ਪੂਰਬੀ ਲੰਬਾਕਾਰ ਵਿਚਕਾਰ ਸਥਿਤ ਹੈ। ਇਸ ਦੇ ਉੱਤਰ ਵੱਲ ਜ਼ਿਲ੍ਹਾ ਲੁਧਿਆਣਾ, ਪੱਛਮ ਵੱਲ ਜ਼ਿਲ੍ਹਾ ਬਰਨਾਲਾ, ਪੂਰਬ ਵਿਚ ਜ਼ਿਲ੍ਹਾ ਪਟਿਆਲਾ ਅਤੇ ਦੱਖਣ ਵੱਲ ਜ਼ਿਲ੍ਹਾ ਫ਼ਤੇਹਾਬਾਦ (ਰਾਜ ਹਰਿਆਣਾ) ਪੈਂਦਾ ਹੈ। ਜ਼ਿਲ੍ਹਾ ਪ੍ਰਸ਼ਾਸਨ ਹੈਡਕੁਆਟਰ, ਸੰਗਰੂਰ ਸਿੱਧੇ ਤੌਰ ਤੇ ਸੜਕ ਰਾਹੀਂ ਚੰਡੀਗੜ੍ਹ (142 ਕਿ.ਮੀ.), ਲੁਧਿਆਣਾ (80 ਕਿ.ਮੀ.), ਬੁਢਲਾਡਾ (73 ਕਿ.ਮੀ.), ਦਿੱਲੀ (257 ਕਿ.ਮੀ.), ਸੁਲਤਾਨਪੁਰ (189 ਕਿ.ਮੀ.), ਗੁਰਦਾਸਪੁਰ (250 ਕਿ.ਮੀ.), ਗੰਗਾਨਗਰ (240 ਕਿ.ਮੀ.), ਨੰਗਲ (ਕਿ.ਮੀ.) ਨਾਲ ਜੁੜਿਆ ਹੋਇਆ ਹੈ। ਇਹ ਰੇਲ ਰਾਹੀਂ ਵੀ ਸਿੱਧੇ ਤੌਰ ਤੇ ਲੁਧਿਆਣਾ ਅਤੇ ਜਾਖੱਲ (ਹਰਿਆਣਾ) ਨਾਲ ਜੁੜਿਆ ਹੋਇਆ ਹੈ। ਭਦੌੜ, ਭਵਾਨੀਗੜ੍ਹ, ਧਨੌਲਾ ਅਤੇ ਲਓਂਗੋਵਾਲ ਨੂੰ ਛੱਡ ਕੇ ਜ਼ਿਲ੍ਹੇ ਦੇ ਸਾਰੇ ਮਿਊਂਨਿਸਪਲ ਕਸਬਿਆਂ ਵਿਚ ਰੇਲਵੇ ਸਟੇਸ਼ਨ ਹਨ।

ਜਲਵਾਯੂ

ਕੁਲ ਮਿਲਾ ਕੇ ਜ਼ਿਲ੍ਹੇ ਦਾ ਜਲਵਾਯੂ ਖੁਸ਼ਕ ਹੈ ਅਤੇ ਇਸ ਵਿਚ ਇਕ ਘੱਟ ਸਮੇਂ ਦਾ ਮੌਨਸੂਨ, ਇਕ ਗਰਮੀ ਵਾਲੀ ਰੁੱਤ ਅਤੇ ਇਕ ਵਧੀਆ ਸਰਦੀ ਦੀ ਰੁੱਤ ਹੁੰਦੀ ਹੈ। ਸਾਲ ਨੂੰ ਚਾਰ ਰੁੱਤਾਂ ਵਿਚ ਵੰਡਿਆ ਜਾ ਸਕਦਾ ਹੈ। ਨਵੰਬਰ ਤੋਂ ਮਾਰਚ ਦੀ ਠੰਡ ਦੀ ਰੁੱਤ ਤੋਂ ਬਾਅਦ ਜੂਨ ਦੇ ਅੰਤ ਤੱਕ ਗਰਮੀ ਦੀ ਰੁੱਤ ਰਹਿੰਦੀ ਹੈ। ਜੁਲਾਈ ਤੋਂ ਸਤੰਬਰ ਦੇ ਮੱਧ ਤੱਕ ਦੱਖਣ-ਪੱਛਮ ਮਾਨਸੂਨ ਕਾਰਨ ਬਰਸਾਤ ਦਾ ਮੌਸਮ ਰਹਿੰਦਾ ਹੈ ਸਤੰਬਰ ਮੱਧ ਦੇ ਬਾਅਦ ਤੋਂ ਅਕਤੂਬਰ ਤੱਕ ਦੇ ਮੌਸਮ ਨੂੰ ਮਾਨਸੂਨ ਉਪਰੰਤ ਜਾਂ ਪਰਿਵਰਤਨ ਅਵਧੀ ਕਿਹਾ ਜਾ ਸਕਦਾ ਹੈ।

ਤਾਪਮਾਨ

ਸੰਗਰੂਰ ਵਿਖੇ ਸਾਲ 1970 ਤੋਂ ਕਾਰਜਸ਼ੀਲ ਇਕ ਮੌਸਅਮ ਦਫ਼ਤਰ ਹੈ। ਇਸ ਦਫ਼ਤਰ ਵਿਖੇ ਉਪਲਬੱਧ ਅੰਕੜੇ ਮਾਪਦੰਡ ਤਿਆਰ ਕਰਨ ਲਈ ਕਾਫ਼ੀ ਨਹੀਂ ਹਨ। ਇਸ ਲਈ ਇਹ ਅੰਕੜੇ ਇਸ ਦਫ਼ਤਰ ਦੇ ਵਿਚ ਉਪਲਬੱਧ ਰਿਕਾਰਡ ਦੇ ਨਾਲ ਨਾਲ ਸਮਾਨ ਜਲਵਾਯੂ ਪਰਿਸਥਿਤੀਆਂ ਵਾਲੇ ਗੁਆਂਢੀ ਜ਼ਿਲ੍ਹਿਆਂ ਦੇ ਅੰਕੜਿਆਂ ਦੀ ਸਹਾਇਤਾ ਨਾਲ ਤਿਆਰ ਕੀਤੇ ਗਏ ਹਨ। ਫ਼ਰਵਰੀ ਦੇ ਮੱਧ ਤੋਂ ਤਾਪਮਾਨ ਵਧਣਾ ਅਰੰਭ ਹੋ ਜਾਂਦਾ ਹੈ ਅਤੇ ਮਾਰਚ ਦੇ ਅਰੰਭ ਤੋਂ ਜੂਨ ਤੱਕ, ਜੋ ਆਮਤੌਰ ਤੇ ਸਭ ਤੋਂ ਗਰਮ ਮਹੀਨਾ ਮੰਨਿਆ ਜਾਂਦਾ ਹੈ, ਇਹ ਬਹੁਤ ਤੇਜੀ ਨਾਲ ਵਧਦਾ ਹੈ। ਜੂਨ ਦੌਰਾਨ ਵੱਧ ਤੋਂ ਵੱਧ ਔਸਤਨ ਦੈਨਿਕ ਤਾਪਮਾਨ ਲਗਭੱਗ 104 ਐਫ਼ (40ਸੀ) ਹੁੰਦਾ ਹੈ ਅਤੇ ਘੱਟ ਤੋਂ ਘੱਟ ਔਸਤਨ ਦੈਨਿਕ ਤਾਪਮਾਨ 80.6 ਐਫ਼ (27 ਸੀ) ਦੇ ਕਰੀਬ ਹੁੰਦਾ ਹੈ। ਗਰਮੀ ਦੀ ਰੁੱਤ ਦੌਰਾਨ ਬਹੁਤ ਤੇਜ਼ ਗਰਮੀ ਪੈਂਦੀ ਹੈ। ਕੁਝ ਦਿਨ ਤਾਂ ਦਿਨ ਦਾ ਤਾਪਮਾਨ ਕਈ ਵਾਰ 116 ਐਫ਼ (47 ਡਿਗਰੀ ਸੀ) ਜਾਂ 118.4 ਡਿਗਰੀ ਐਫ਼ (48 ਸੀ) ਤੱਕ ਵੀ ਪਹੁੰਚ ਜਾਂਦਾ ਹੈ। ਗਰਮੀ ਦੀ ਰੁੱਤ ਦੌਰਾਨ ਧੂੜ ਭਰੀਆਂ ਹਵਾਵਾਂ ਚੱਲਦੀਆਂ ਹਨ ਜਿਨ੍ਹਾਂ ਨਾਲ ਮੌਸਮ ਬਹੁਤ ਖੁਸ਼ਕ ਹੋ ਜਾਂਦਾ ਹੈ। ਦੁਪਹਿਰ ਨੂੰ ਆਉਣ ਵਾਲੇ ਝੱਖੜਾਂ ਕਾਰਨ, ਭਾਵੇਂ ਕੁਝ ਦੇਰ ਹੀ ਲਈ, ਗਰਮੀ ਤੋਂ ਰਾਹਤ ਮਿਲਦੀ ਹੈ। ਜੂਨ ਦੇ ਅੰਤ ਜਾਂ ਜੁਲਾਈ ਦੇ ਅਰੰਭ ਵਿਚ ਮਾਨਸੂਨ ਦੇ ਆਗਮਨ ਨਾਲ ਦਿਨ ਦੇ ਤਾਪਮਾਨ ਵਿਚ ਗਿਰਾਵਟ ਆਉਂਦੀ ਹੈ ਪਰ ਰਾਤਾਂ ਜੂਨ ਵਾਂਗ ਗਰਮ ਹੀ ਰਹਿੰਦੀਆਂ ਹਨ। ਮਾਨਸੂਨ ਦੌਰਾਨ ਨਮੀ ਵਧਣ ਕਾਰਨ ਬਰਸਾਤਾਂ ਵਿਚਲਾ ਮੌਸਮ ਬਹੁਤ ਹੁਮਸ ਭਰਿਆ ਹੁੰਦਾ ਹੈ। ਬਰਸਾਤ ਦੀ ਰੁੱਤ ਦੇ ਅੰਤ ਵਿਚ ਸਤੰਬਰ ਦੇ ਮੱਧ ਵਿਚ ਤਾਪਮਾਨ ਘਟ ਜਾਂਦਾ ਹੈ, ਜਿਸ ਵਿਚ ਰਾਤ ਦੇ ਤਾਪਮਾਨ ਵਿਚ ਤੇਜੀ ਨਾਲ ਗਿਰਾਵਟ ਆਉਂਦੀ ਹੈ। ਅਕਤੂਬਰ ਤੋਂ ਬਾਅਦ ਦਿਨ ਅਤੇ ਰਾਤ, ਦੋਵਾਂ ਦਾ ਤਾਪਮਾਨ ਬੜੀ ਤੇਜੀ ਨਾਲ ਘਟਦਾ ਹੈ। ਆਮਤੌਰ ਤੇ ਜਨਵਰੀ ਸਭ ਤੋਂ ਠੰਡਾ ਮਹੀਨਾ ਮੰਨਿਆ ਜਾਂਦਾ ਹੈ ਵੱਧ ਤੋਂ ਵੱਧ ਔਸਤਨ ਦੈਨਿਕ ਤਾਪਮਾਨ ਲਗਭੱਗ 68 ਐਫ਼ (20 ਡਿਗਰੀ ਸੀ) ਹੁੰਦਾ ਹੈ ਅਤੇ ਘੱਟ ਤੋਂ ਘੱਟ ਔਸਤਨ ਦੈਨਿਕ ਤਾਪਮਾਨ 56.6 ਐਫ਼ (7ਡਿਗਰੀ ਸੀ) ਦੇ ਕਰੀਬ ਹੁੰਦਾ ਹੈ। ਸਰਦੀ ਦੌਰਾਨ, ਵਿਸ਼ੇਸ਼ ਤੌਰ ਤੇ ਜਨਵਰੀ ਤੇ ਫ਼ਰਵਰੀ ਵਿਚ, ਪੱਛਮੀ ਗੜਬੜੀ ਕਾਰਨ ਜ਼ਿਲ੍ਹੇ ਵਿਚ ਸੀਤ ਲਹਿਰ ਚੱਲਦੀ ਹੈ ਅਤੇ ਅਕਸਰ ਘੱਟ ਤੋਂ ਘੱਟ ਤਾਪਮਾਨ ਪਾਣੀ ਦੇ ਜੰਮਣ ਵਾਲੇ ਪੁਆਂਇੰਟ ਤੋਂ ਹੇਠਾਂ ਚਲਾ ਜਾਂਦਾ ਹੈ। ਅਜਿਹੇ ਮੌਕਿਆਂ ਤੇ ਜ਼ਿਲ੍ਹੇ ਵਿਚ ਕੋਹਰਾ ਪੈਂਦਾ ਹੈ।

ਨਮੀ

ਜੁਲਾਈ ਤੋਂ ਸਤੰਬਰ ਦੀ ਦੱਖਣ-ਪੱਛਮ ਮਾਨਸੂਨ ਦੀ ਰੁੱਤ ਦੌਰਾਨ ਤੁਲਨਾਤਮਕ ਰੂਪ ਨਾਲ ਜ਼ਿਆਦਾ ਹੁੰਦੀ ਹੈ ਜੋ ਸਵੇਰੇ 75 ਤੋਂ 80 ਫ਼ੀਸਦ ਅਤੇ ਦੁਪਹਿਰੇ 55 ਤੋਂ 65 ਫ਼ੀਸਦ ਤੱਕ ਹੁੰਦੀ ਹੈ। ਦਸੰਬਰ ਤੋਂ ਫ਼ਰਵਰੀ ਦੇ ਸਰਦੀ ਦੀ ਰੁੱਤ ਦੇ ਮਹੀਨਿਆਂ ਦੌਰਾਨ 70 ਫ਼ੀਸਦ ਤੱਕ ਦੀ ਉੱਚ ਨਮੀ ਹੋ ਸਕਦੀ ਹੈ। ਬਾਕੀ ਦੇ ਸਾਲ ਦੌਰਾਨ ਮੌਸਮ ਜ਼ਿਆਦਾਤਰ ਖੁਸ਼ਕ ਰਹਿੰਦਾ ਹੈ। ਅਪ੍ਰੈਲ ਅਤੇ ਮਈ ਸਾਲ ਦੇ ਸਭ ਤੋਂ ਖੁਸ਼ਕ ਮਹੀਨੇ ਹੁੰਦੇ ਹਨ ਜਦੋਂ ਨਮੀ 25 ਫ਼ੀਸਦ ਜਾਂ ਘੱਟ ਹੁੰਦੀ ਹੈ।

ਮੀਂਹ

ਜ਼ਿਲ੍ਹੇ ਵਿਚ ਪੰਜ ਮੀਂਹ ਗੇਜ ਸਟੇਸ਼ਨ ਹਨ ਜੋ 1954 ਤੋਂ ਕਾਰਜਸ਼ੀਲ ਹਨ। ਸਾਰਣੀ 1 ਅਤੇ 2 ਵਿਚ 1980 ਤੱਕ ਦੇ ਅੰਕੜਿਆਂ ਦੇ ਅਧਾਰ ਤੇ ਇਨ੍ਹਾਂ ਪੰਜ ਸਟੇਸ਼ਨਾਂ ਵਿਖੇ ਦਰਜ ਔਸਤਨ ਵਰਖਾ, ਮਹੀਨਾਵਾਰ ਅਤੇ ਸਲਾਨਾ ਵਰਖਾ ਅਤੇ ਮੀਂਹ ਵਾਲੇ ਕੁੱਝ ਦਿਨ ਅਤੇ ਸਮੁੱਚੇ ਜ਼ਿਲ੍ਹੇ ਦੇ ਅੰਕੜੇ ਦਿੱਤੇ ਗਏ ਹਨ। ਸਾਰਣੀ 3 ਵਿਚ ਜ਼ਿਲ੍ਹਾ ਸੰਗਰੂਰ ਵਿਚ ਸਾਲ 1954 ਤੋਂ 1970 ਤੱਕ ਸਲਾਨਾ ਵਰਖਾ ਦੀ ਆਵਿਰਤੀ ਦਿੱਤੀ ਗਈ ਹੈ। ਇਨ੍ਹਾਂ ਸਟੇਸ਼ਨਾਂ ਵਿਖੇ ਉਪਲਬੱਧ ਅੰਕੜਿਆਂ ਦੀ ਮਿਆਦ ਜ਼ਿਆਦਾ ਲੰਬੀ ਨਾ ਹੋਣ ਕਾਰਨ ਦਿੱਤੇ ਗਏ ਵੇਰਵੇ ਗੁਆਂਢੀ ਜ਼ਿਲ੍ਹਿਆਂ ਦੀ ਸਲਾਨਾ ਵਰਖਾ ਤੋਂ ਇਕੱਤਰ ਕੀਤੇ ਘੱਟ ਅਵਧੀ ਦੇ ਅੰਕੜਿਆਂ ਤੇ ਅਧਾਰਤ ਹਨ। ਜ਼ਿਲ੍ਹੇ ਵਿਚ ਔਸਤਨ ਸਲਾਨਾ ਵਰਖਾ 590 ਐਮਐਮ ਦੇ ਕਰੀਬ ਹੈ, ਵੱਧ ਤੋਂ ਵੱਧ ਮੀਂਹ (ਲਗਭੱਗ 73 ਫ਼ੀਸਦ) ਜੁਲਾਈ ਤੋਂ ਸਤੰਬਰ ਦੇ ਮਹੀਨਿਆਂ ਦੌਰਾਨ ਪੈਂਦੇ ਹਨ ਅਤੇ ਸੁਨਾਮ ਵਿਖੇ 490 ਐਮਐਮ ਤੋਂ ਮਾਲੇਰਕੋਟਲਾ ਵਿਖੇ 670 ਐਮਐਮ ਦੇ ਵਿਚ ਰਹਿੰਦੀ ਹੈ। ਜੂਨ ਦੇ ਪ੍ਰੀ-ਮਾਨਸੂਨ ਮਹੀਨੇ ਦੌਰਾਨ ਜ਼ਿਆਦਾਤਰ ਝੱਖੜਾਂ ਦੇ ਰੂਪ ਵਿਚ ਕੁਝ ਵਰਖਾ ਹੁੰਦੀ ਹੈ। ਕੁਝ ਵਰਖਾ ਗੁਜ਼ਰ ਰਹੀਆਂ ਪੱਛਮੀ ਗੜਬੜੀਆਂ ਕਾਰਣ ਸਰਦੀ ਦੀ ਰੁੱਤ ਵਿੱਚ ਵੀ ਹੁੰਦੀ ਹੈ। ਸਾਲ ਦਰ ਸਾਲ ਸਲਾਨਾ ਵਰਖਾ ਵਿਚ ਕਾਫ਼ੀ ਜ਼ਿਆਦਾ ਅੰਤਰ ਹੈ। 1954 ਤੋਂ ਲੈ ਕੇ 1970 ਤੱਕ ਦੇ 17 ਸਾਲਾਂ ਦੇ ਸਮੇਂ ਵਿਚ ਇਹ ਦੇਖਣ ਵਿਚ ਆਇਆ ਹੈ ਕਿ ਜ਼ਿਲ੍ਹੇ ਵਿਚ ਉਚੱਤਮ ਵਰਖਾ 1955 ਵਿਚ ਹੋਈ ਔਸਤਨ ਵਰਖਾ ਦੇ ਮੁਕਾਬਲੇ 18.2 ਫ਼ੀਸਦ ਹੈ। ਸਭ ਤੋਂ ਘਟ ਵਰਖਾ 1965 ਵਿਚ ਪਈ ਔਸਤਨ ਦੇ ਮੁਕਾਬਲੇ 58 ਫ਼ੀਸਦ ਹੈ। 17 ਸਾਲਾਂ ਵਿਚੋਂ ਪੰਜ ਸਾਲਾਂ ਦੌਰਾਨ ਜ਼ਿਲ੍ਹੇ ਵਿਚ ਵਰਖਾ ਔਸਤਨ ਨਾਲੋਂ 80 ਪ੍ਰਤੀਸ਼ਤ ਘੱਟ ਰਹੀ। ਸਮੁਉਚੇ ਜ਼ਿਲ੍ਹੇ ਵਿਚ ਇਕ ਅਜਿਹਾ ਮੌਕਾ ਆਇਆ ਜਦੋਂ ਲਗਾਤਾਰ ਦੋ ਸਾਲਾਂ ਤੰਕ ਇੰਨੀ ਘੱਟ ਵਰਖਾ ਹੋਈ। ਵਿਅਕਤੀਗਤ ਸਟੇਸ਼ਨਾਂ ਤੇ ਵਰਖਾ ਨੂੰ ਦੇਖਦੇ ਹੋਏ ਇਹ ਪਤਾ ਲੱਗਾ ਕਿ ਪੰਜ ਸਟੇਸ਼ਨਾਂ ਵਿਚੋਂ ਚਾਰ ਵਿਚ ਘੱਟੋ ਘੱਟ ਇਕ ਵਾਰ ਸਮਾਨ ਵਰਖਾ ਹੋਈ। ਐਪਰ ਬਰਨਾਲਾ ਅਤੇ ਮਾਲੇਰਕੋਟਲਾ ਵਿਖੇ ਅਜਿਹੀ ਵਰਖਾ ਦੋ ਵਾਰ ਹੋਈ। ਸਾਰਣੀ 1 ਤੋਂ ਇਹ ਪਤਾ ਚੱਲਦਾ ਹੈ ਕਿ 17 ਵਿਚੋਂ 10 ਸਾਲਾਂ ਦੌਰਾਨ ਜ਼ਿਲ੍ਹੇ ਵਿਚ ਸਲਾਨਾ ਵਰਖਾ 450 ਅਤੇ 750 ਐਮਐਮ ਦੇ ਵਿਚਕਾਰ ਸੀ। ਪੂਰੇ ਸਾਲ ਦੌਰਾਨ ਜ਼ਿਲ੍ਹੇ ਵਿਚ ਔਸਤ 27 ਬਰਸਾਤੀ ਦਿਨ (ਭਾਵ 2.5 ਐਮਐਮ ਜਾਂ ਇਸ ਤੋਂ ਵੱਧ ਵਰਖਾ ਵਾਲੇ ਦਿਨ) ਹੁੰਦੇ ਹਨ। ਇਹ ਗਿਣਤੀ ਸੁਨਾਮ ਵਿਖੇ 24 ਤੋਂ ਲੈ ਕੇ ਮਾਲੇਰਕੋਟਲਾ ਵਿਖੇ 31 ਤੱਕ ਰਹਿੰਦੀ ਹੈ। ਜ਼ਿਲ੍ਹੇ ਵਿਚ 24 ਘੰਟਿਆਂ ਦੌਰਾਨ 377.5 ਐਮਐਮ ਦੀ ਸਭ ਤੋਂ ਭਾਰੀ ਵਰਖਾ 9 ਅਗਸਤ 1976 ਨੂੰ ਬਰਨਾਲ ਵਿਖੇ ਹੋਈ ਸੀ।

ਵਾਤਾਵਰਣਿਕ ਦਬਾਅ ਅਤੇ ਹਵਾਵਾਂ

ਆਮਤੌਰ ਤੇ ਧੀਮੀਆਂ ਹਵਾਵਾਂ ਚੱਲਦੀਆਂ ਹਨ ਪਰ ਗਰਮੀ ਦੇ ਅੰਤ ਅਤੇ ਮਾਨਸੂਨ ਦੀ ਰੁੱਤ ਦੇ ਅਰੰਭ ਵਿਚ ਇਹ ਥੋੜੀਆਂ ਤੇਜ਼ ਹੋ ਜਾਂਦੀਆਂ ਹਨ। ਦੱਖਣ-ਪੱਛਮ ਮਾਨਸੂਨ ਰੁੱਤ ਦੇ ਦੌਰਾਨ ਪੂਰਬੀ ਅਤੇ ਦੱਖਣ ਪੂਰਬੀ ਦਿਸ਼ਾਵਾਂ ਤੋਂ ਵਗ ਰਹੀਆਂ ਹਵਾਵਾਂ ਆਮ ਹਨ ਪਰ ਕੁਛ ਦਿਨ ਇਹ ਉੱਤਰ-ਪੱਛਮੀ ਦਿਸ਼ਾ ਤੋਂ ਵੀ ਚੱਲਦੀਆਂ ਹਨ। ਮਾਨਸੂਨ-ਉਪਰੰਤ ਅਤੇ ਸਰਦੀਆਂ ਦੀਆਂ ਰੁੱਤਾਂ ਦੌਰਾਨ ਹਵਾ ਦੀ ਦਿਸ਼ਾ ਪ੍ਰਮੁੱਖ ਰੂਪ ਨਾਲ ਉੱਤਰ-ਪੱਛਮੀ ਹੁੰਦੀ ਹੈ। ਗਰਮੀਆਂ ਵਿਚ ਹਵਾਵਾਂ ਆਮਤੌਰ ਤੇ ਉੱਤਰ ਪੱਛਮੀ ਦਿਸ਼ਾ ਵੱਲ ਵਗਦੀਆਂ ਹਨ ਪਰ ਕੁਝ ਦਿਨ ਇਦੀ ਦਿਸ਼ਾ ਦੱਖਣ-ਪੂਰਬੀ ਹੋ ਸਕਦੀ ਹੈ।

ਵਿਸ਼ੇਸ਼ ਮੌਸਮੀ ਸਿਧਾਂਤ

ਜ਼ਿਲ੍ਹੇ ਉਤੇ ਮਾਨਸੂਨ ਦਬਾਅ ਦਾ ਬਹੁਤ ਹੀ ਘੱਟ ਅਸਰ ਪੈਂਦਾ ਹੈ। ਸਰਦੀ ਦੀ ਰੁੱਤ ਦੌਰਾਨ, ਗੁਜ਼ਰ ਰਹੀਆਂ ਪੱਛਮੀ ਗੜਬੜੀਆਂ ਕਾਰਨ ਆਏ ਝੱਖੜਾਂ ਕਾਰਨ ਜ਼ਿਲ੍ਹੇ ਦੇ ਮੌਸਮ ਪ੍ਰਭਾਵਿਤ ਹੁੰਦਾ ਹੈ। ਜੂਨ ਅਤੇ ਮਾਨਸੂਨ ਦੀਆਂ ਬਰਸਾਤਾਂ ਦੌਰਾਨ ਅਕਸਰ ਬੱਦਲ ਗਰਜਦੇ ਹਨ। ਗਰਮੀ ਦੀ ਰੁੱਤ ਵਿਚ ਅਕਸਰ ਧੂੜ ਭਰੀਆਂ ਹਨ੍ਹੇਰੀਆਂ ਚੱਲਦੀਆਂ ਹਨ।