Close

ਦਿਲਚਸਪੀ ਦੇ ਸਥਾਨ

ਅਹਿਮਦਗੜ੍ਹ

ਅਹਿਮਦਗੜ੍ਹ, ਮਾਲੇਰਕੋਟਲਾ ਤਹਿਸੀਲ ਦੀ ਇਕ ਉਪ-ਤਹਿਸੀਲ ਹੈ। ਇਸ ਦੀ ਖੋਜ 1905 ਵਿਚ ਮਾਲੇਰਕੋਟਲਾ ਦੇ ਨਵਾਬ ਅਹਿਮਦ ਅਲੀ ਖਾਨ ਵੱਲੋਂ ਕੀਤੀ ਗਈ। ਇਹ ਮਾਲੇਰਕੋਟਲਾ ਤੋਂ 18 ਕਿ.ਮੀ. ਉੱਤਰ ਵੱਲ ਸੰਗਰੂਰ-ਲੁਧਿਆਣਾ ਰੋਡ ਤੇ ਪੈਂਦਾ ਹੈ। ਇਹ ਜ਼ਿਲ੍ਹਾ ਸਦਰ ਮੁਕਾਮ ਸੰਗਰੂਰ ਤੋਂ 50 ਕਿ.ਮੀ., ਲੁਧਿਆਣਾ ਤੋਂ 26 ਕਿ.ਮੀ. ਅਤੇ ਚੰਡੀਗੜ੍ਹ ਤੋਂ 98 ਕਿ.ਮੀ. ਦੀ ਦੂਰੀ ਤੇ ਸਥਿਤ ਹੈ। ਇਹ ਲੁਧਿਆਣਾ-ਜਾੱਖਲ ਰੇਲਵੇ ਲਾਈਨ ਤੇ ਇਕ ਰੇਲਵੇ ਸਟੇਸ਼ਨ ਹੈ। ਅਹਿਮਦਗੜ੍ਹ ਇਕ ਮਹੱਤਵਪੂਰਨ ਖੇਤੀਬਾੜੀ ਮੰਡੀ ਹੈ। ਇਸ ਮੰਡੀ ਵਿਚ ਆਉਣ ਵਾਲੀਆਂ ਮੁੱਖ ਫ਼ਸਲਾਂ ਝੋਨਾ ਅਤੇ ਕਣਕ ਹਨ। ਮਾਲੇਰਕੋਟਲਾ ਅਤੇ ਲੁਧਿਆਣਾ ਵਰਗੇ ਦੋ ਉਦਯੋਗਿਕ ਸ਼ਹਿਰਾਂ ਦੇ ਨਜ਼ਦੀਕ ਹੋਣ ਕਾਰਣ ਇਸ ਕਸਬੇ ਵਿਚ ਅਤੇ ਇਸ ਦੇ ਆਲੇਦੁਆਲੇ ਕਈ ਲਘੂ ਉਦਯੋਗ ਚੱਲ ਰਹੇ ਹਨ। ਇੱਥੇ ਬਨਣ ਵਾਲੇ ਖੁਰਪੇ, ਕਹੀਆਂ ਅਤੇ ਦਾਤੀਆਂ ਅਤੇ ਕਾਸ਼ਤਕਾਰੀ ਦੇ ਕੁਝ ਆਧੁਨਿਕ ਸੰਦ ਇਲਾਕੇ ਵਿਚ ਕਾਫ਼ੀ ਮਸ਼ਹੂਰ ਹਨ। ਅਹਿਮਦਗੜ੍ਹ ਵਿਖੇ ਲੜਕਿਆਂ ਲਈ ਐਮ.ਜੀ.ਐਮ.ਐਨ. ਹਾਇਰ ਸੈਕੰਡਰੀ ਸਕੂਲ, ਲੜਕੀਆਂ ਦੇ ਦੋ ਹਾਈ ਸਕੂਲ, ਇਕ ਸਿਵਲ ਡਿਸਪੈਂਸਰੀ, ਇਕ ਜ਼ਿਮੀਦਾਰਾ ਰੈਸਟ ਹਾਉੂਸ ਤਅੇ ਇਕ ਡਾਕ ਅਤੇ ਟੈਲੀਗ੍ਰਾਫ਼ ਦਫ਼ਤਰ ਹੈ। ਇਸ ਕਸਬੇ ਵਿਚ 1924 ਤੋਂ ਇਕ ਦਰਜਾ ।।। ਦੀ ਇਕ ਮਿਊ੍ਂਸਿਪਲ ਕਮੇਟੀ ਕਾਰਜਸ਼ੀਲ ਹੈ।

ਪਿੰਡ ਅਕੋਈ

ਮਲੇਰਦੋਟਲਾ-ਸੰਗਰੂਰ ਰੋਡ ਤੇ ਸੰਗਰੂਰ ਚ ਸਥਿਤ ਪਿੰਡ ਅਕੋਈ,ਜ਼ਿਲ੍ਹਾ ਹੈਡਕੁਆਟਰਾ ਸੰਗਰੂਰ ਦੇ 5 ਕਿ.ਮੀ. ਉੱਤਰ ਵੱਲ ਸਥਿਤ ਹੈ। ਪਿੰਡ ਵਿਚ ਇਕ ਗੁਰਦੁਆਰਾ ਹੈ ਜਿਸ ਬਾਰੇ ਇਹ ਕਿਹਾ ਜਾਂਦਾ ਹੈ ਕਿ ਇਹ ਗੁਰੂ ਨਾਨਕ ਦੇਵ, ਗੁਰੂ ਹਰਗੋਬਿੰਦ ਅਤੇ ਗੁਰੂ ਤੇਗ਼ ਬਹਾਦੁਰ ਦੀ ਕ੍ਰਮਵਾਰ ਪਹਿਲੇ, ਛੇਵੇਂ ਅਤੇ ਨੌਂਵੇਂ ਸਿੱਖ ਗੁਰੂ ਸਹਿਬਾਨਾਂ ਦੀ ਆਮਦ ਨਾਲ ਜੁੜਿਆ ਹੋਇਆ ਹੈ। ਗੁਰੂ ਨਾਨਕ ਦੇਵ ਜੀ ਨੇ ਨਨਕਿਆਣਾ ਜਾਣ ਤੋਂ ਬਾਅਦ ਇਸ ਸਥਾਨ ਤੇ ਚਰਣ ਪਾਏ ਸਨ। ਛੇਂਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਵੀ ਇੱਥੇ ਸੱਤ ਮਹੀਨੇ ਰਹੇ ਸਨ। ਉਨ੍ਹਾਂ ਨੇ ਇਸ ਜਗ੍ਹਾ ਨੂੰ ਅਸੀਸ ਦਿੱਤੀ ਹੈ ਕਿ ਇੱਥੇ ਦੁੱਧ ਬਹੁਤ ਜ਼ਿਆਦਾ ਉਪਲੱਬਧ ਹੋਵੇਗਾ ਅਤੇ ਉਨ੍ਹਾਂ ਦੇ ਬਚਨ ਅੱਜ ਸੱਚ ਸਾਬਤ ਹੋ ਰਹੇ ਹਨ। ਕਿਹਾ ਜਾਂਦਾ ਹੈ ਕਿ ਸਿੱਖ ਦੀ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ਼ ਬਹਾਦੁਰ, ਜੀ ਵੀ ਦਿੱਲੀ ਜਾਂਦੇ ਸਮੇਂ ਇਸ ਸਥਾਨ ਤੇ ਆਏ ਸਨ। ਨਾਭਾ ਦੀ ਸ਼ਾਹੀ ਰਿਆਸਤ ਦੇ ਮਹਾਰਾਜਾ ਹੀਰਾ ਸਿੰਘ ਨੇ ਗੁਰਦੁਆਰੇ ਦੀ ਇਮਾਰਤ ਦੀ ਉਸਾਰੀ ਕੀਤੀ । ਹੁਣ ਇਸ ਪੁਰਾਣੀ ਇਮਾਰਤ ਨੂੰ ਢਾਹ ਕੇ ਇਸ ਦੀ ਥਾਂ ਨਵੀਂ ਇਮਾਰਤ ਉਸਾਰੀ ਜਾ ਰਹੀ ਹੈ। ਖਿਲਰੀਆਂ, ਬਡਰੁੱਖਾਂ ਅਤੇ ਅਕੋਈ ਪਿੰਡਾਂ ਵਿਚ ਤਿੰਨ ਸੌ ਪੱਚੀ ਬੀਘੇ ਜ਼ਮੀਨ ਗੁਰਦੁਆਰੇ ਦੀ ਹੈ। ਪਿੰਡ ਵਿਖੇ ਇਕ ਪ੍ਰਾਈਮਰੀ ਸਕੂਲ, ਇਕ ਪਾਈਮਰੀ ਸਿਹਤ ਕੇਂਦਰ ਅਤੇ ਇਕ ਵੈਟਨਰੀ ਡਿਸਪੈਂਸਰੀ ਹੈ। ਪਿੰਡ ਵਿਚ ਇਕ ਸਰਕਾਰੀ ਪੋਲਟਰੀ ਫ਼ਾਰਮ ਵੀ ਕਾਰਜ਼ਸੀਲ ਹੈ। ਜ਼ਿਆਦਾਤਰ ਪਿੰਡ ਵਾਸੀ ਖੰਗੂੜਾ ਜੱਟ ਹਨ।

ਬਡਰੁੱਖਾਂ

ਜ਼ਿਲ੍ਹਾ ਸਦਰ ਮੁਕਾਮ, ਸੰਗਰੂਰ ਤੋਂ ਲਗਭੱਗ 5 ਕਿ.ਮੀ. ਦੀ ਦੂਰੀ ਤੇ ਸੰਗਰੂਰ-ਬਰਨਾਲਾ ਰੋਡ ਉੱਤੇ ਬਡਰੁੱਖਾਂ ਹੈ। ਇਸ ਪਿੰਡ ਦੇ ਨਾਮਕਰਣ ਪਿਛੇ ਦੋ ਕਹਾਣੀਆਂ ਹਨ। ਇਕ ਦੇ ਅਨੁਸਾਰ ਰਾਜਾ ਗਜਪਤ ਸਿੰਘ ਨੇ ਪਿੰਡ ਦੇ ਬੱਦਰੂ ਨਾਮ ਦੇ ਇਕ ਪੰਡਤ ਇਸ ਦਾ ਨਾਂ ਰੱਖਿਆ ਗਿਆ। ਇਕ ਹੋਰ ਮਾਨਤਾ ਅਨੁਸਾਰ, ਜੋ ਜ਼ਿਆਦਾ ਭਰੋਸੇਯੋਗ ਜਾਪਦੀ ਹੈ, ਜਦੋਂ ਰਾਜਾ ਗਜਪਤ ਸਿੰਘ ਨੇ ਇਨ੍ਹਾਂ ਪਿੰਡਾਂ (ਵੱਡਾ ਅਗਵਾੜ, ਵਿਚਲਾ ਅਗਵਾੜ, ਦਾਲਵਾਲ, ਧਾਲੀਵਾਲ ਅਤੇ ਠੱਗਾਂ ਵਾਲੀ ਪੱਟੀ) ਦੀ ਕਮਾਨ ਸੰਭਾਲੀ ਤਾਂ ਉਸ ਸਮੇਂ ਇੱਥੇ ਵੱਡੇ ਵੱਡੇ ਰੁੱਖ ਹੋਇਆ ਕਰਦੇ ਸਨ ਜਿਸ ਕਾਰਣ ਇਸ ਦਾ ਨਾਂ ਬਡਰੁੱਖਾਂ ਪਿਆ। ਮੌਜੂਦਾ ਬਡਰੁੱਖਾਂ ਪਿੰਡ ਪੰਜ ਛੋਟੇ ਪਿੰਡਾਂ ਦਾ ਮੇਲ ਹੈ, ਜਿਨ੍ਹਾਂ ਨੂੰ ਰਾਜਾ ਗਜਪਤ ਸਿੰਘ ਦੇ ਸ਼ਾਸਨਕਾਰ ਵਿਚ ਮਿਲਾ ਕੇ ਇਕ ਕਰ ਦਿੱਤਾ ਗਿਆ ਅਤੇ ਬਡਰੁੱਖਾਂ ਨਾਮ ਦਿੱਤਾ ਗਿਆ। ਇਸ ਤੋਂ ਪਹਿਲਾਂ ਇਹ ਪਿੰਡ ਬਦਬਰ ਥਾਣੇ ਅਧੀਨ ਆਉਂਦੇ ਸਨ ਜਿਸ ਉੱਤੇ ਮਾਲੇਰਕੋਟਲੇ ਦੇ ਨਵਾਬ ਦੀ ਹਕੂਮਤ ਚਲਦੀ ਸੀ। ਇਨ੍ਹਾਂ ਪਿੰਡਾਂ ਦੇ ਵਾਸੀ ਮੁਸਮਾਨਾਂ ਵਲੋਂ ਅੰਜਾਮ ਦਿੱਤੀਆਂ ਜਾ ਰਹੀਆਂ ਡਕੈਤੀਆਂ ਕਾਰਣ ਅਸੁਰੱਖਿਅਤ ਮਹਿਸੂਸ ਕਰਦੇ ਸਨ। ਪੰਡਤ ਬੱਦਰੂ ਦੀ ਅਗੁਵਾਈ ਅਧੀਨ ਇਨ੍ਹਾਂ ਪਿੰਡਾਂ ਦੇ ਮੁਖੀ ਆਪਣੀ ਹਿਫ਼ਾਜ਼ਤ ਲਈ ਜੀਂਦ ਦੇ ਮਹਾਰਾਜਾ ਗਜਪਤ ਸਿੰਘ ਕੋਲ ਗਏ ਅਤੇ ਉਸ ਨੂੰ 1700 ਬੀਘੇ ਜ਼ਮੀਨ ਦਿੱਤੀ। ਸੰਨ 1763 ਵਿਚ ਜਦੋਂ ਗਜਪਤ ਸਿੰਘ ਨੇ ਜੀਂਦ ਸ਼ਹਿਰ ਤੇ ਕਬਜ਼ਾ ਦੀਤਾ ਉਦੋਂ ਬਡਰੁੱਖਾਂ ਨੂੰ ਜੀਂਦ ਰਿਆਸਤ ਦੀ ਰਾਜਧਾਨੀ ਬਣਾਇਆ ਗਿਆ। ਉਸ ਨੇ ਇੱਥੇ ਇਕ ਕਿਲ੍ਹ ਵੀ ਬਣਵਾਇਆ। ਕਿਹਾ ਜਾਂਦਾ ਹੈ ਕਿ ਬਡਰੁੱਖਾਂ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਸਥਾਨ ਹੈ। ਗਜਪਤ ਸਿੰਘ ਦੀ ਧੀ, ਰਾਜ ਕੌਰ ਨੇ ਇਥੇ 13 ਨਵੰਬਰ 1780 ਨੂੰ ਮਹਾਰਾਜਾ ਰਣਜੀਤ ਸਿੰਘ ਨੂੰ ਜਨਮ ਦਿੱਤਾ। ਨਾਭੇ ਦੇ ਮਹਾਰਾਜਾ ਹੀਰਾ ਸਿੰਘ ਦਾ ਜਨਮ ਵੀ ਇਥੇ ਹੀ ਹੋਇਆ। ਲੈਫ਼. ਜਨਰਲ (ਰਿਟਾ.) ਹਰਬਕਸ਼ ਸਿੰਘ (ਵੀਰ ਚੱਕਰਾ), ਮੇਜ, ਜਨਰਲ ਗੁਰਬਕਸ਼ ਸਿੰਘ (ਡੀਐਸਓ ਅਤੇ ਓਬੀਈ) ਅਤੇ ਮੇਜਰ ਰਣਜੀਤ ਸਿੰਘ ਵੀ ਇਸੇ ਪਿੰਡ ਤੋਂ ਆਏ ਸਨ। ਪਿੰਡ ਵਿਚ ਬਾਬਾ ਗੁੱਦੜ ਸ਼ਾਹ ਦੀ ਇਕ ਸਮਾਧ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਸ ਨੇ ਮਹਾਰਾਜਾ ਗਜਪਤ ਸਿੰਘ ਦੀ ਧੀ ਰਾਜ ਕੌਰ ਦੇ ਮਿੱਟੀ ਦੇ ਵਿਸ਼ਾਲ ਭਾਂਡੇ ਵਿਚ ਦੱਬੇ ਸਰੀਰ ਨੂੰ ਬਾਹਰ ਕੱਢਿਆ ਸੀ। ਮਹਾਰਾਜਾ ਗਜਪਤ ਸਿੰਘ ਨੇ ਮਿੱਠੇ ਰੋਟ ਵਰਤਾਏ ਸਨ। ਹਰ ਸਾਲ ਬਾਬਾ ਗੁੱਦੜ ਸ਼ਾਹ ਦੀ ਸਾਲਗਿਰਹਾ ਮਿੱਠੇ ਰੋਟ ਪਕਾਏ ਜਾਂਦੇ ਹਨ ਅਤੇ ਪ੍ਰਸਾਦ ਵਜੋਂ ਵਰਤਾਏ ਜਾਂਦੇ ਹਨ। ਪਿੰਡ ਵਿਖੇ ਇਕ ਸਰਕਾਰੀ ਹਾਈ ਸਕੂਲ, ਇਕ ਚਾਰ ਬਿਸਤਰਿਆਂ ਵਾਲਾ ਸਹਾਇਕ ਸਿਹਤ ਕੇਂਦਰ ਅਤੇ ਇਕ ਡਾਕਖਾਨਾ ਹੈ।

ਬਾਗੜੀਆਂ

ਮਾਲੇਰਕੋਟਲਾ-ਨਾਭਾ ਰੋਡ ਤੇ ਸਥਿਤ ਬਾਗੜੀਆਂ ਮਾਲੇਰਕੋਟਲਾ ਦੇ ਦੱਖਣ-ਪੂਰਬ ਵੱਲ ਲਗਭੱਗ 18 ਕਿ.ਮੀ. ਦੂਰ ਹੈ। ਭਾਵੇਂ ਹੁਣ ਤਹਿਸੀਲ ਮਾਲੇਰਕੋਟਲਾ ਅਧੀਨ ਹੈ ਪਰ ਇਹ ਮਾਲੇਰਕੋਟਲਾ ਰਿਆਸਤ ਦਾ ਹਿੱਸਾ ਨਹੀਂ ਸੀ ਸਗੋਂ ਇੱਥੇ ਅੰਗਰੇਜ਼ਾਂ ਦਾ ਰਾਜ ਸੀ। ਮਾਲੇਰਕੋਟਲਾ ਰਿਆਸਤ ਦੇ ਰਾਅ ਭੀਖਣ ਖਾਨ ਵੱਲੋਂ ਬਾਗੜੀਆਂ ਨੂੰ ਪਿੰਡ ਦੇ ਭਾਈਆਂ ਦੇ ਸਪੁਰਦ ਦਰ ਦਿੱਤਾ ਗਿਆ ਸੀ ਪਰ ਬਾਗੜੀਆਂ ਦੇ ਸਿੱਖ ਅੰਗਰੇਜ਼ਾਂ ਦ ਏਹੱਕ ਵਿਚ ਨਾ ਹੋਣ ਕਾਰਣ ਅੰਗਰੇਜਾਂ ਨੇ ਇਸ ਤੇ ਕਬਜ਼ਾ ਕਰ ਲਿਆ। ਬਾਗੜੀਆਂ ਵਿਖੇ ਇਕ ਕਿਲ੍ਹਾ ਹੈ ਜਿਸ ਨੂੰ 20ਵੀਂ ਸਦੀ ਵਿਚ ਸ. ਅਰਜਨ ਸਿੰਘ ਵੱਲੋਂ ਬਣਵਾਇਆ ਗਿਆ ਸੀ। ਅੱਜ ਵੀ ਭਾਈ ਇੱਥੇ ਰੋਜ਼ਾਨਾ ਲੰਗਰ ਵਰਤਾਉਂਦੇ ਹਨ; ਲੰਗਰ ਦੀ ਪ੍ਰਥਾ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਸਮੇਂ ਤੋਂ ਅਰੰਭ ਹੋਈ। ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਦਾ ਵਰਦਾਨ ਸੀ ਇੱਥੇ ਗਿੱਲਾ ਬਾਲਣ ਵੀ ਬਲੇਗਾ। ਕਿਲ੍ਹੇ ਵਿਚ ਹਰਿਮੰਦਰ ਸਾਹਿਬ ਦੀ ਵਿਓਂਤ ਅਤੇ ਆਕਾਰ ਦਾ ਗੁਰਦੁਆਰਾ ਬਣਾਇਆ ਗਿਆ ਹੈ। ਬਾਗੜੀਆਂ, ਵਿਖੇ ਇਕ ਉਦਯੋਗਿਕ ਇਕਾਈ ਸਥਾਪਿਤ ਕੀਤੀ ਜਾ ਰਹੀ ਹੈ ਜਿਸ ਦਾ ਨਾਮ “ਬਾਗੜੀਆਂ ਸੂਜ਼”ਹੈ। ਜਿੱਥੇ ਵੱਡੇ ਪੈਮਾਨੇ ਤੇ ਜੁੱਤੇ ਬਣਾਏ ਜਾਣਗੇ।

ਭਵਾਨੀਗੜ੍ਹ

ਜ਼ਿਲ੍ਹਾ ਸਦਰ ਮੁਕਾਮ ਸੰਗਰੂਰ ਦੇ ਪੂਰਬ ਵੱਲ 19 ਕਿ.ਮੀ. ਦੇ ਫ਼ਾਸਲੇ ਤੇ ਪਟਿਆਲਾ-ਸੰਗਰੂਰ ਰੋਡ ਤੇ ਸਥਿਤ ਭਵਾਨੀਗੜ੍ਹ ਤਹਿਸੀਲ ਸੰਗਰੂਰ ਦੀ ਇਕ ਉਪ-ਤਹਿਸੀਲ ਹੈ। ਇਹ ਸੜਕ ਰਾਹੀਂ ਚੰਡੀਗੜ੍ਹ (102 ਕਿ.ਮੀ.), ਪਟਿਆਲਾ (37 ਕਿ.ਮੀ.) , ਨਾਭਾ (16 ਕਿ.ਮੀ) ਅਤੇ ਸੁਨਾਮ (28 ਕਿ.ਮੀ.) ਨਾਲ ਵੀ ਜੁੜਿਆ ਹੋਇਆ ਹੈ। ਭਵਾਨੀਗੜ੍ਹ ਦਾ ਪਹਿਲਾ ਨਾਂ ਢੋਡਾਂ ਸੀ ਜੋ ਬਾਝਾ ਸਮੁਦਾਇ ਜਾਂ ਗੋਤ ਦੇ ਢੋਡਾਂ ਦੇ ਜੱਟਾਂ ਦੇ ਨਾਮ ਤੇ ਪਿਆ ਸੀ। ਅਜ਼ਾਦੀ ਤੋਂ ਪਹਿਲਾਂ ਇਹ ਪਟਿਆਲਾ ਰਿਆਸਤ ਦੇ ਕਰਮਗੜ੍ਹ ਨਿਜ਼ਾਮਤ ਦੇ ਸਦਰ ਮੁਕਾਮ ਦੀ ਤਹਿਸੀਲ ਹੋਇਆ ਕਰਦਾ ਸੀ। ਇਕ ਰਵਾਇਤ ਅਨੁਸਾਰ, ਦੇਵੀ ਭਵਾਨੀ ਦੇ ਮੰਦਰ ਵਿਖੇ ਇਕ ਭੇਡ ਨੇ ਖੁਦ ਨੂੰ ਦੋ ਭੇੜੀਆਂ ਤੋ ਬਚਾਇਆ, ਬਾਲਾ ਆਲ੍ਹਾ ਸਿੰਘ ਨੂੰ ਇਕ ਸਾਧੂ ਵੱਲੋਂ ਇਸ ਸਥਾਨ ਤੇ ਭਵਾਨੀਗੜ੍ਹ ਨਾਂ ਦਾ ਕਿਲ੍ਹਾ ਬਨਾਉਣ ਲਈ ਕਿਹਾ। 1754 ਵਿਚ ਕਿਲ੍ਹਾ ਬਣਵਾਇਆ ਗਿਆ। ਭਵਾਨੀਗੜ੍ਹ ਵਿਖੇ ਲੜਕੀਆਂ ਅਤੇ ਲੜਕਿਆਂ ਲਈ ਇੱਕ-ਇੱਕ ਸਰਕਾਰੀ ਹਾਈ ਸਕੂਲ, ਇਕ ਡਿਗਰੀ ਕਾਲਜ ਅਤੇ 4-ਬੈੱਡਾਂ ਵਾਲਾ ਪ੍ਰਾਈਵਰੀ ਸਿਹਤ ਕੇਂਦਰ ਹੈ। ਇਸ ਕਸਬੇ ਵਿਚ 1945 ਤੋਂ ਇਕ ਦਰਜਾ-3 ਮਿਊਂਸਿਪਲ ਕਮੇਟੀ ਕਾਰਜਸ਼ੀਲ ਹੈ।

ਚੀਮਾ

ਸੁਨਾਮ ਦੇ ਪੱਛਮ ਵੱਲ 7 ਕਿ.ਮੀ. ਦੇ ਫਾਸਲੇ ਤੇ ਸਥਿਤ ਚੀਮਾ ਸੰਗਰੂਰ ਤਹਿਸੀਲ ਵਿਚ ਪੈਂਦਾ ਹੈ ਅਤੇ ਸੰਗਰੂਰ ਦੇ ਦੱਖਣ-ਪੱਛਮ ਵੱਲ 20 ਕਿ.ਮੀ. ਦੇ ਫ਼ਾਸਲੇ ਤੇ ਹੈ। ਇਹ ਸੰਤ ਬਾਬਾ ਅਤਰ ਸਿੰਘ ਦਾ ਜਨਮ ਸਥਾਨ ਹੈ ਜੋ ਇਲਾਕੇ ਦੇ ਸਭ ਲੋਕਾਂ ਲਈ ਸਤਿਕਾਰਯੋਗ ਹਨ। ਉਨ੍ਹਾਂ ਦੇ ਸ਼ਰਧਾਲੂ, ਬਾਬਾ ਤੇਜਾ ਸਿੰਘ ਵੱਲੋਂ ਉਨ੍ਹਾਂ ਦੀ ਯਾਦ ਵਿਚ ਚੀਮਾ ਵਿਖੇ ਜਨਮ ਅਸਥਾਨ ਗੁਰਦੁਆਰਾ ਬਣਾਇਆ ਗਿਆ ਹੈ। ਇਹ ਇਕ ਨੌਂ ਮੰਜ਼ਲਾ ਇਮਾਰਤ ਹੈ ਜਿਸ ਨੂੰ ਸੰਤ ਬਾਬਾ ਅਤਰ ਸਿੰਘ ਦੇ ਜੱਦੀ ਘਰ ਨੂੰ ਢਾਹ ਕੇ ਬਣਾਇਆ ਗਿਆ ਹੈ। ਇਕ ਸਰੋਵਰ ਵੀ ਬਣਾਇਆ ਗਿਆ ਹੈ ਜਿੱਥੇ ਲੋਕੀ ਇਸ਼ਨਾਨ ਕਰਦੇ ਹਨ। ਚੇਤ ਦੇ ਮਹੀਨੇ ਦੀ ਅਮਾਵਸ ਨੂੰ ਇਸ ਥਾਂ ਤੇ ਇਕ ਮੇਲਾ ਲਗਦਾ ਹੈ ਜਿਸ ਸਿਵਚ ਦੂਰ ਦੁਰਾਢੇ ਤੋਂ ਵੱਡੀ ਗਿਣਤੀ ਵਿਚ ਸ਼ਰਧਾਲੂ ਆਉਂਦੇ ਹਨ। ਇੱਥੇ ਹੀ ਨਾਨਕਸਰ ਨਾਮ ਦਾ ਇਕ ਹੋਰ ਗੁਰਦੁਆਰਾ ਹੈ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਸ ਨੂੰ ਬਾਬਾ ਅਤਰ ਸਿੰਘ ਨੇ ਬਣਵਾਇਆ ਸੀ। ਚੀਮਾ ਵਿਖੇ ਇਕ ਸਰਕਾਰੀ ਹਾਈ ਸਕੂਲ ਹੈ ਅਤੇ 25 ਬਿਸਤਰਿਆਂ ਵਾਲਾ ਪੇਂਡੂ ਹਸਪਤਾਲ ਹੈ।

ਢਡੋਗਲ

ਇਹ ਪਿੰਡ ਮਾਲੇਰਕੋਟਲਾ ਤਹਿਸੀਲ ਵਿਚ ਪੈਂਦਾ ਹੈ ਅਤੇ ਧੂਰੀ-ਨਾਭਾ ਰੁਡ ਤੇ ਧੂਰੀ ਤੋਂ 11 ਕਿ.ਮੀ. ਦੂਰ ਸਥਿਤ ਹੈ। ਇਸ ਪਿੰਡ ਦੇ ਭਗਤ ਸਿਘ ਜੀ ਦੀ ਸ਼ਹੀਦੀ ਦੀ ਯਾਦ ਵਿਚ ਇਸ ਥਾਂ ਤੇ ਇਕ ਮੇਲਾ ਲਗਦਾ ਹੈ। ਉਹ ਸਰਦਾਰ ਸੇਵਾ ਸਿੰਘ ਠੀਕਰੀਵਾਲਾ ਦੇ ਸਹਿ-ਕਰਮੀ ਸਨ। ਉਸ ਨੇ ਲੋਕਾਂ ਦੀ ਅਜ਼ਾਦੀ ਲਈ ਸੰਘਰਸ਼ ਕੀਤਾ ਅਤੇ ਅੰਗਰਜ਼ਾਂ ਦੀ ਖਿਲਾਫ਼ਤ ਕੀਤੀ ਫ਼ਿਰ ਸਾਬਕਾ ਪਟਿਆਲਾ ਰਿਆਸਤ ਦੀ ਖਿਲਾਫ਼ਤ ਕੀਤੀ। ਤੱਤਕਾਲੀ ਮਹਾਰਾਜਾ ਪਟਿਆਲਾ ਵੱਲੋਂ ਉਸ ਨੂੰ ਜੇਲ੍ਹ ਵਿਚ ਬੰਦ ਕ੍ਰਿਆ ਗਿਆ ਫ਼ਿਰ ਨਾਰਨੌਲ ਭੇਜ ਦਿੱਤਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਅੰਤਮ ਸੰਸਕਾਰ ਲਈ ਉਸ ਦੇ ਮ੍ਰਿਤ ਸਰੀਰ ਨੂੰ ਇਸ ਪਿੰਡ ਵਿਖੇ ਲਿਆਂਦਾ ਗਿਆ। ਇਹ ਤਿੰਨ ਰੋਜ਼ਾ ਮੇਲਾ ਸਾਉਣ ਦੀ 24 ਨੂੰ (ਜੁਲਾਈ-ਅਗਸਤ) ਲੱਗਦਾ ਹੈ ਅਤੇ ਇਸ ਵਿਚ ਭਾਰੀ ਗਿਣਤੀ ਵਿਚ ਲੋਕ ਸ਼ਿਰਕਤ ਕਰਦੇ ਹਨ। ਇਸ ਤੋਂ ਇਲਾਵਾ ਭਾਦੋਂ ਬਦੀ 9 (ਅਗਸਤ-ਸਤੰਬਰ) ਨੁੰ ਗੁੱਗਾ ਨੌਮੀ ਨਾਮ ਦਾ ਇਕ ਮੇਲਾ ਵੀ ਲੱਗਦਾ ਹੈ ਜਿਸ ਵਿਚ ਲਗਭੱਗ 20,000 ਲੋਕ ਜੁੜਦੇ ਹਨ। ਇਸ ਪਿੰਡ ਵਿਖੇ ਇਕ ਸਰਕਾਰੀ ਮਿਡਲ ਸਕੂਲ ਹੈ ਅਤੇ 4 ਬਿਸਤ੍ਰਿਆਂ ਵਾਲਾ ਇਕ ਪ੍ਰਾਈਮਰੀ ਸਿਹਤ ਕੇਂਦਰ ਹੈ। ਦੇਵੀ ਦੁਰਗਾ ਨੂੰ ਸਮਰਪਿਤ ਇਕ ਮੇਲਾ ਮਾਰਚ-ਅਪ੍ਰੈਲ ਅਤੇ ਸਤੰਬਰ-ਅਕਤੂਬਰ ਵਿਚ ਇਕ-ਇਕ ਦਿਨ ਲਈ ਲੱਗਦਾ ਹੈ। ਕੁਝ ਲੋਕ ਇਸ ਮੌਕੇ ਆਪਣੇ ਬੱਚਿਆਂ ਦੇ ਮੁੰਡਨ ਕਰਵਾਉਂਦੇ ਹਨ। ਇਕ ਪੀਰ ਦੀ ਯਾਦ ਵਿਚ, ਜਿਸ ਦਾ ਇੱਥੇ ਕਮਬਰਾ ਹੈ, ਭਾਦੋਂ (ਅਗਸਤ-ਸਤੰਬਰ), ਮੱਘਰ (ਨਵੰਬਰ-ਦਸੰਬਰ) ਅਤੇ ਫ਼ੱਗਣ (ਫ਼ਰਵਰੀ-ਮਾਰਚ) ਦੇ ਮਹੀਨੇ ਦੇ ਹਰ ਪਹਿਲੇ ਵੀਰਵਾਰ ਨੂੰ ਇਕ ਰੋਜ਼ਾ ਮੇਲਾ ਪੀਰ ਖਾਨ ਦਾ ਡੇਰਾ ਵਿਖੇ ਲਗਦਾ ਹੈ। ਇਥੇ ਇਕ ਪਸ਼ੂ ਮੇਲਾ ਵੀ ਲਗਦਾ ਹੈ।

ਧੂਰੀ

ਜ਼ਿਲ੍ਹਾ ਸੱਦਰ ਮੁਕਾਮ ਸੰਗਰੂਰ ਤੋਂ 14 ਕਿ.ਮੀ. ਦੂਰ ਸਥਿਤ ਇਹ ਲੁਧਿਆਣਾ-ਜਾਖਲ ਅਤੇ ਬਠਿੰਡਾ-ਅੰਬਾਲਾ ਰੇਲਵੇ ਲਾਇਨਾਂ ਤੇ ਸਥਿਤ ਇਕ ਰੇਲਵੇ ਜੰਕਸ਼ਨ ਹੈ। ਇਹ ਸੜਕ ਰਾਹੀਂ ਵਧੀਆ ਢੰਗ ਨਾਲ ਲੁਧਿਆਣਾ (61 ਕਿ.ਮੀ.), ਚੰਡੀਗੜ੍ਹ (126 ਕਿ.ਮੀ.) ਅਤੇ ਮਾਲੇਰਕੋਟਲਾ (18 ਕਿ.ਮੀ.) ਨਾਲ ਜੁੜਿਆ ਹੋਇਆ ਹੈ। ਧੂਰੀ ਮਾਲੇਰਕੋਟਲਾ ਤਹਿਸੀਲ ਦੀ ਇਕ ਉਪ ਤਹਿਸੀਲ ਹੈ। ਧੂਰੀ ਇਕ ਤੇਜ਼ੀ ਨਾਲ ਵਿਕਸਿਤ ਹੋ ਰਿਹਾ ਕਸਬਾ ਹੈ। ਇਥੇ ਸਹਿਕਾਰਤਾ ਦੇ ਖੇਤਰ ਵਿਚ ਇਕ ਸ਼ੂਗਰ ਮਿਲ ਕਾਰਜਸ਼ੀਲ ਹੈ। ਇਥੇ ਖੇਤੀਬਾੜੀ ਉਪਕਰਣ ਬਣਾਉਣ ਲਈ ਕਹ. ਲਘੂ ਪੱਧਰ ਦੇ ਉਦਯੋਗਿਕ ਯੂਨਿਟ ਸਥਾਪਿਤ ਹੋਏ ਹੋਏ ਹਨ। ਇਹ ਸਟੀਲ ਫਰਨੀਚਰ ਦੇ ਨਿਰਮਾਣ ਲਈ ਵੀ ਮਸ਼ਹੂਰ ਹੈ। ਇਥੇ ਲੜਕਿਆਂ ਵਾਸਤੇ ਇਕ ਪ੍ਰਾਈਵੇਟ ਹਾਇਰ ਸੈਕੰਡਰੀ ਸਕੂਲ, ਲੜਕਿਆਂ ਅਤੇ ਲੜਕੀਆਂ ਵਾਸਤੇ ਇਕ ਇਕ ਸਰਕਾਰੀ ਹਾਈ ਸਕੂਲ ਅਤੇ ਲੜਕਿਆਂ ਵਾਸਤੇ ਦੋ ਪ੍ਰਾਈਵੇਟ ਹਾਈ ਸਕੂਲ ਹਨ। ਇਥੇ 31 ਬਿਸਤਰਿਆਂ ਵਾਲਾ ਇਕ ਸਿਵਲ ਹਸਪਤਾਲ, ਉਤਰੀ ਰੇਲਵੇ ਦਾ 5 ਬਿਸਤਰਿਆਂ ਵਾਲਾ ਇਕ ਹੈਲਥ ਯੂਨਿਟ, ਇਕ ਵਰਦਮਾਨ ਮਹਾਂਵੀਰ ਜੈਨ ਚੈਰੀਟੇਬਲ ਅੱਖਾਂ ਦਾ ਹਸਪਤਾਲ, ਇਕ ਜਿਮੀਂਦਾਰਾ ਰੈਸਟ ਹਾਊਸ ਅਤੇ ਇਕ ਗੁਦਾਮ ਹੈ।

ਘੜਾਚੋਂ

ਸੁਨਾਮ ਪਟਿਆਲਾ ਰੋਡ ਉੱਤੇ ਸੰਗਰੂਰ ਤਹਿਸੀਲ ਵਿਚ ਸਥਿਤ ਇਹ ਪਿੰਡ ਸੰਗਰੂਰ ਤੋਂ ਪੂਰਬ ਵੱਲ 11 ਕਿ.ਮੀ. ਅਤੇ ਭਵਾਨੀਗੜ੍ਹ ਤੋਂ ਦੱਖਣ ਪੱਛਮ ਵਲ 10 ਕਿ.ਮੀ. ਦੀ ਦੂਰੀ ਤੇ ਸਥਿਤ ਹੈ। ਇੱਥੇ ਫੱਗਣ ਸੁਦੀ ਦੀ 3 (ਫਰਵਰੀ-ਮਾਰਚ) ਨੂੰ ਮੇਲਾ ਕੁਟੀ ਨਾਂ ਦਾ 3 ਰੋਜ਼ਾ ਇਕ ਮੇਲਾ ਲੱਗਦਾ ਹੈ। ਕਿਹਾ ਜਾਦਾ ਹੈ ਕਿ ਇਥੇ ਤਕਰੀਬਨ 5000 ਸਾਲ ਪਹਿਨਾਂ ਕੋਈ ਬਾਬਾ ਫਕੀਰਾ ਰਿਹਾ ਕਰਦੇ ਹਨ। ਇਕ ਵਾਰ ੳਸੁਹ ਇਕ ਕੰਧ ਤੇ ਬੈਠੇ ਹੋਏ ਸਨ ਅਤੇ ਉਥੋਂ ਬਾਦਸ਼ਾਹ ਸ਼ਾਹਜਹਾਂ ਘੋੜੇ ਤੇ ਸਵਾਰ ਹੋ ਕੇ ਗੁਜ਼ਰ ਰਿਹਾ ਸੀ। ਬਾਬਾ ਫਕੀਰਾ ਨੇ ਆਪਣੀਆਂ ਰੂਹਾਨੀ ਤਾਕਤਾਂ ਦਾ ਪ੍ਰਦਰਸ਼ਨ ਕਰਦਿਆਂ ਕੰਧ ਨੂੰ ਬਾਦਸ਼ਾਹ ਦੇ ਘੋੜੇ ਨਾਲ ਤੁਰਨ ਲਾ ਦਿੱਤਾ। ਇਹ ਕਰਿਸ਼ਮਾ ਦੇਖ ਕੇ ਬਾਦਸ਼ਾਹ ਨੇ ਬਾਬੇ ਦੇ ਪੈਰਾਂ ਨੂੰ ਹੱਥ ਲਾਇਆ ਅਤੇ ਉਨ੍ਹਾਂ ਨੂੰ ਘੜਾਚੋਂ ਵਿਚ 12 ਬੀਘੇ ਧਰਤੀ ਦੇ ਦਿੱਤੀ। ਬਾਬਾ ਜੀ ਨੂੰ ਇਥੇ ਆਪਣੀ ਕੁਟੀ (ਕੁਟੀਆ) ਬਣਾਈ ਜਿਥੇ ਹਰ ਸਾਲ ਇਹ ਮੇਲਾ ਲੱਗਦਾ ਹੈ। ਪਿੰਡ ਵਿਚ ਲੜਕਿਆਂ ਲਈ ਇਕ ਸਰਕਾਰੀ ਹਾਈ ਸਕੂਲ, ਚਾਰ ਬਿਸਤਰਿਆਂ ਵਾਲਾ ਇਕ ਸਿਹਤ ਕੇਂਦਰ ਅਤੇ ਇਕ ਡਾਕਖਾਨਾ ਹੈ।

ਜੰਡਾਲੀ

ਸਰਹੰਦ ਨਹਿਰ ਦੀ ਬਠਿੰਡਾ ਬਰਾਂਚ ਦੇ ਕੰਢੇ ਤੇ ਸਥਿਤ ਜੰਡਾਲੀ ਕਲਾਂ ਅਹਿਮਦਗੜ੍ਹ ਦੇ ਦੱਖਣ ਪੂਰਬ ਵਲ 5 ਕਿ.ਮੀ. ਦੂਰ ਹੈ। ਇਹ ਮਾਲੇਰਕੋਟਲਾ ਤਹਿਸੀਲ ਵਿਚ ਪੈਂਦਾ ਹੈ। ਇਥੇ ਦਮਦਮਾ ਸਾਹਿਬ ਨਾਂ ਦਾ ਇਕ ਗੁਰਦੁਆਰਾ ਹੈ ਜੋ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਆਮਦ ਨਾਲ ਜੁੜਿਆ ਹੋਇਆ ਹੈ, ਜੋ ਛੇਵੀਂ ਪਾਤਸ਼ਾਹੀ ਸਨ ਅਤੇ ਇਥੇ ਸ਼ਿਕਾਰ ਉਪਰੰਤ ਉਨ੍ਹਾਂ ਨੇ ਆਰਾਮ ਕੀਤਾ ਸੀ। ਕਿਹਾ ਜਾਂਦਾ ਹੈ ਗੁਰੂ ਸਾਹਿਬ 6 ਮਹੀਨੇ ਤੱਕ ਲਗਾਤਾਰ ਇਸ ਅਸਥਾਨ ਤੇ ਆਰਾਮ ਫਰਮਾਉਣ ਹਿਤ ਆਉਂਦੇ ਰਹੇ ਇਸੇ ਲਈ ਇਸ ਨੂੰ ਦਮਦਮਾ ਸਾਹਿਬ ਕਿਹਾ ਜਾਂਦਾ ਹੈ। ਇਹ ਵੀ ਕਿਹਾ ਜਾਦਾ ਹੈ ਕਿ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਨਾਲ ਲੜਦੇ ਹੋਏ ਇਸ ਅਸਥਾਨ ਉਤੇ ਸਿੱਖਾਂ ਦੇ ਆਗੂ ਸ. ਨਾਹਰ ਸਿੰਘ ਸ਼ਹੀਦ ਹੋਏ ਸਨ। ਇਥੇ 1947 ਤੋਂ ਬਾਅਦ ਹੀ ਗੁਰਦੁਆਰੇ ਦੀ ਇਕ ਛੋਟੀ ਇਮਾਰਤ ਉਸਾਰ ਗਈ ਸੀ। ਹੁਣ ਗੁਰਦੁਆਰਾ ਸਾਹਿਬ ਦੀ ਇਕ ਖੁਲ੍ਹੀ ਇਮਾਰਤ ਬਣ ਰਹੀ ਹੈ। 9 ਮਾਰਚ 1966 ਨੂੰ ਸੰਤ ਈਸ਼ਰ ਸਿੰਘ ਰਾੜੇਵਾਲੇ ਵਲੋਂ ਇਸ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਇਸ ਅਸਥਾਨ ਤੇ ਭਾਰੀ ਗਿਣਤੀ ਵਿਚ ਲੋਕ ਵਿਸ਼਼ਸ ਕਰਕੇ ਦੁਆਬਾ ਇਲਾਕੇ ਦੇ ਲੋਕ ਦਰਸ਼ਨਾਂ ਹਿਤ ਆਉਂਦੇ ਹਨ। ਹਰੇਕ ਮਹੀਨੇ ਦਸ਼ਮੀ ਦੇ ਮੇਲੇ ਤੇ ਭਾਰੀ ਗਿਣਤੀ ਵਿਚ ਸ਼ਰਧਾਲੂ ਇਥੇ ਆਉਂਦੇ ਹਨ। ਇਥੇ ਮਾਘ ਦੀ ਦਸਮੀ (ਦਸੰਬਰ-ਜਨਵਰੀ) ਮੌਕੇ ਇਕ ਸਾਲਾਨਾ ਮੇਲਾ ਵੀ ਜੁੜਦਾ ਹੈ।

ਕੁੱਪ

ਇਹ ਪਿੰਡ ਤਹਿਸੀਲ ਮਾਲੇਰਕੋਟਲਾ ਵਿਚ ਪੈਂਦਾ ਹੈ ਅਤੇ ਅਹਿਮਦਗੜ੍ਹ ਦੇ ਦੱਖਣ ਪੂਰਬ ਵਲ 8 ਕਿ.ਮੀ. ਅਤੇ ਮਾਲੇਰਕੋਟਲਾ ਤੋਂ 12 ਕਿ.ਮੀ. ਦੂਰ ਲੁਧਿਆਣਾ ਜਾਖਲ ਰੇਲਵੇ ਲਾਇਨ ਤੇ ਸਥਿਤ ਹੈ। ਇਥੇ 30,000 ਸਿੱਖਾਂ ਦੀ ਯਾਦ ਵਿਚ ਇਕ ਗੁਰਦੁਆਰਾ ਬਣਿਆ ਹੋਇਆ ਹੈ ਜੋ 28 ਮੱਘਰ 1818 (1761 ਈ.) ਵਿਚ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਨਾਲ ਲੜਕੇ ਹੋਏ ਸ਼ਹੀਦ ਹੋ ਗਏ ਸਨ। ਸਿੱਖਾਂ ਨੂੰ ਇਹ ਲੜਾਈ ਸ. ਜੱਸਾ ਸਿੰਘ ਆਹਲੂਵਾਲੀਆ, ਸ. ਜੱਸਾ ਸਿੰਘ ਰਾਮਗੜ੍ਹੀਆ, ਸ. ਚੂਹੜ ਸਿੰਘ ਸੁਕਰਚੱਕੀਆ, ਸ. ਸ਼ਾਮ ਸਿੰਘ, ਬਾਬਾ ਦੀਪ ਸਿੰਘ ਸ਼ਹੀਦ, ਸ. ਬਘੇਲ ਸਿੰਘ ਕਰੋੜੀਆ ਆਦਿ ਦੀ ਅਗਵਾਈ ਵਿਚ ਲੜੀ ਸੀ। ਅਹਿਮਦ ਸ਼ਾਹ ਅਬਦਾਲੀ ਜੋ ਸਿੱਖਾਂ ਤੋਂ ਤੰਗ ਆ ਚੁੱਕਿਆ ਸ ਉਸ ਨੇ ਸਿੱਖਾਂ ਨੂੰ ਸਤਲੁਜ ਵਲ ਵਧਣ ਤੋਂ ਰੋਕਣ ਲਈ ਜਲੰਧਰ, ਸਰਹੰਦ ਅਤੇ ਮਾਲੇਰਕੋਟਲਾ ਵਿਖੇ ਤਾਇਨਾਤ ਆਪਣੇ ਕਮਿਸ਼ਨਰਾਂ ਨੂੰ ਹੁਕਮ ਜਾਰੀ ਕੀਤੇ। ਰੋਕੇ ਜਾਣ ਉਪਰੰਤ ਸਿੱਖਾ ਉਤੇ 2 ਲੱਖ ਦੀ ਫੌਜ ਨਾਲ ਅਹਿਮਦ ਸ਼ਾਹ ਅਬਦਾਲੀ ਨੇ ਹਮਲਾ ਬੋਲ ਦਿੱਤਾ। ਜਦੋਂ ਸਿੱਖ ਰਾਏਪੁਰ (ਲੁਧਿਆਣਾ) ਦੇ ਨੇੜੇ ਪਹੁੰਚੇ ਤਾਂ ਉਨ੍ਹਾਂ ਨੂੰ ਸਰਹੰਦ, ਜਲੰਧਰ ਦੇ ਸੂਬੇਦਾਰਾਂ ਅਤੇ ਮਾਲੇਰਕੋਟਲਾ ਦੇ ਨਵਾਬ ਨੇ ਹੋਰ ਅੱਗੇ ਵੱਧਣ ਤੋਂ ਰੋਕ ਲਿਆ। ਇਸ ਦੇ ਨਤੀਜੇ ਵੱਜੋਂ ਕਈ ਸਿੱਖ ਸ਼ਹੀਦ ਹੋ ਗਏ। ਕੁੱਪ ਵਿਖੇ ਇਕ ਪ੍ਰਾਈਵੇਟ ਹਾਈ ਸਕੂਲ ਅਤੇ 10 ਬਿਸਤਰਿਆਂ ਵਾਲਾ ਪੇਂਡੂ ਹਸਪਤਾਲ ਹੈ। ਅਕਤੂਬਰ ਦੇ ਮਹੀਨੇ ਵਿਚ ਇਥੇ ਇਕ ਬਹੁਤ ਵੱਡਾ ਮੇਲਾ ਲਗਦਾ ਹੈ।

ਲੱਡਾ

ਧੂਰੀ ਤਹਿਸੀਲ ਵਿਚ ਸਥਿਤ ਲੱਡਾ ਸੰਗਰੂਰ-ਮਾਲੇਰਕੋਟਲਾ ਰੋਡ ਉਪਰ ਧੂਰੀ ਦੇ ਦੱਖਣ ਵੱਲ 6 ਕਿ.ਮੀ. ਦੇ ਕਰੀਬ ਅਤੇ ਸੰਗਰੂਰ ਦੇ ਉੱਤਰ ਵੱਅ 6 ਕਿ.ਮੀ. ਦੀ ਦੂਰੀ ਤੇ ਵਸਿਆ ਹੋਇਆ ਹੈ। ਇਥੇ ਭਾਦੋਂ ਬਦੀ 9 (ਅਗਸਤ-ਸਤੰਬਰ) ਨੂੰ ਇਕ ਰੋਜ਼ਾ ਗੁੱਗਾ ਨੌਮੀ ਦਾ ਮੇਲਾ ਲਗਦਾ ਹੈ। ਕਿਹਾ ਜਾਂਦਾ ਹੈ ਕਿ ਕਿਸੇ ਨੇ ਬਗਾਰ ਦੀ ਗੁੱਗਾ ਮੜੀ ਤੋਂ 2 ਇੱਟਾਂ ਲਿਆਉਂਦੀਆਂ ਸਨ। ਉਸ ਨੇ ਇਨ੍ਹਾਂ ਇੱਟਾਂ ਨੂੰ ਆਪਣੇ ਖੇਤਾਂ ਵਿਚ ਰੱਖ ਲਿਆ ਅਤੇ ਜਦੋਂ ਅਗਲੀ ਸਵੇਰ ਉਹ ਇਨ੍ਹਾਂ ਇੱਟਾਂ ਨੂੰ ਚੁਕਣ ਆਇਆ ਤਾਂ ਉਹ ਕੋਸ਼ਿਸ਼ ਕਰਕੇ ਵੀ ਇਨ੍ਹਾਂ ਨੂੰ ਨਾ ਚੁੱਕ ਸਕਿਆ। ਲੋਕਾਂ ਨੇ ਇਸ ਨੂੰ ਇਕ ਕਰਿਸ਼ਮਾ ਸਮਝਿਆ ਅਤੇ ਇਸ ਸਥਾਨ ਤੇ ਇਕ ਮੇਲਾ ਲੱਗਣ ਲੱਗਾ। ਬਾਅਦ ਵਿਚ ਮਾਲੇਰਕੋਟਲਾ ਦੇ ਨਵਾਬ ਨੇ ਇਸ ਮੜੀ ਦੀ ਪੁਨਰ ਉਸਾਰੀ ਕੀਤੀ। ਇਸ ਪਿੰਡ ਵਿਚ ਇਕ ਹਾਈ ਸਕੂਲ, ਇਕ ਕਨਾਲ ਡਿਸਪੈਂਸਰੀ (4ਬਿਸਤਰਿਆਂ ਵਾਲੀ), ਇਕ ਵੈਟਨਰੀ ਡਿਸਪੈਂਸਰੀ ਅਤੇ ਡਾਕਖਾਨਾ ਹੈ।

ਲਹਿਰਾਗਾਗਾ

ਲੁਧਿਆਣਾ-ਜਾਖਲ ਰੇਲਵੇ ਲਾਈਨ ਉਤੇ ਸਥਿਤ ਲਹਿਰਾਗਾਗਾ ਸੁਨਾਮ ਤਹਿਸੀਲ ਦੀ ਇਕ ਉਪ ਤਹਿਸੀਲ ਹੈ। ਸੜਕ ਰਾਹੀਂ ਇਹ ਸੁਨਾਮ ਦੇ ਦੱਖਣ ਵਲ 26 ਕਿ.ਮੀ. , ਸੰਗਰੂਰ ਤੋਂ 46 ਕਿ.ਮੀ., ਪਟਿਆਲਾ ਤੋਂ 90 ਕਿ.ਮੀ. ਅਤੇ ਚੰਡੀਗੜ੍ਹ ਤੋਂ 155 ਕਿ.ਮੀ. ਦੀ ਦੂਰੀ ਤੇ ਸਥਿਤ ਹੈ। ਇਹ ਪੱਕੀ ਸੜਕ ਰਾਹੀਂ ਪਾਤੜਾਂ (14 ਕਿ.ਮੀ.) ਅਤੇ ਜਾਖਲ (14 ਕਿ.ਮੀ) ਨਾਲ ਵੀ ਜੁੜਿਆ ਹੋਇਆ ਹੈ। ਲਹਿਰਾਗਾਗਾ,ਲਹਿਰਾ ਅਤੇ ਗਾਗਾ ਦੋ ਪਿੰਡਾਂ ਦਾ ਮੇਲ ਹੈ। ਗਾਗਾ ਵਿਖੇ ਇਕ ਗੁਰਦੁਆਰਾ ਹੈ ਜੋ ਸਿੱਖਾਂ ਦੀ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਦਿੱਲੀ ਜਾਂਦੇ ਸਮੇਂ ਇਥੇ ਆਮਦ ਨਾਲ ਜੁੜਿਆ ਹੋਇਆ ਹੈ। ਲਹਿਰਾਗਾਗਾ ਵਿਚ ਭਾਰੀ ਸੰਖਿਆ ਵਿਚ ਬਾਂਦਰ ਹਨ ਪਰ ਲੋਕੀ ਇਨ੍ਹਾਂ ਨੂੰ ਮਾਰਦੇ ਨਹੀਂ। ਇਸ ਨੂੰ “ਲਹਿਰਾ ਬਾਂਦਰਾਂ ਦਾ” ਵੀ ਕਿਹਾ ਜਾਂਦਾ ਹੈ। ਇਸ ਇਲਾਕੇ ਦੀਆਂ ਮੁਖ ਫਸਲਾਂ ਕਣਕ, ਕਪਾਹ, ਮੂੰਗਫਲੀ ਅਤੇ ਬਾਜਰਾ ਹਨ। ਇਥੇ ਝੋਨਾ ਵੀ ਬੀਜਿਆ ਜਾਂਦਾ ਹੈ ਅਤੇ ਇਸ ਦੀ ਖੇਤੀ ਘਟ ਹੈ। ਲਹਿਰਾਗਾਗਾ ਬਲਾਕ ਹੈੱਡ ਕੁਆਟਰ ਹੈ। ਇਥੇ 19 ਸਤੰਬਰ 1956 ਤੋਂ ਇਕ ਦਰਜਾ 2 ਦੀ ਮਿਊਂਸਪਲ ਕਮੇਟੀ ਕੰਮ ਕਰ ਰਹੀ ਹੈ। ਇਥੇ ਇਕ ਡਿਸਪੈਂਸਰੀ ਅਤੇ ਇਕ ਵੈਟਰਨਰੀ ਡਿਸਪੈਂਸਰੀ ਵੀ ਹੈ, ਇਕ ਏ.ਪੀ. ਡਬਲਿਊ ਡੀ ਰੈਸਟ ਹਾਊਸ ਅਤੇ ਇਕ ਜਿਮੀਦਾਰਾਂ ਰੈਸਟ ਹਾਊਸ ਵੀ ਬਣਿਆ ਹੋਇਆ ਹੈ।

ਲੌਂਗੋਵਾਲ

ਪਹਿਲਾਂ ਲਾਲਗੜ੍ਹ ਦੇ ਨਾਲ ਨਾਲ ਜਾਣਿਆ ਜਾਂਦਾ ਇਹ ਸੰਗਰੂਰ ਤਹਿਸੀਲ ਵਿਚ ਪੈਂਦਾ ਹੈ ਅਤੇ ਸੰਗਰੂਰ-ਬਰਨਾਲਾ ਰੋਡ ਉਤੇ ਸੰਗਰੂਰ ਦੇ ਦੱਖਣ-ਛਮ ਵਲ 18 ਕਿ.ਮੀ. ਦੀ ਦੂਰੀ ਤੇ ਸਥਿਤ ਹੈ। ਇਸ ਕਸਬੇ ਦੀ ਸਥਾਪਨਾ ਪਟਿਆਲਾ ਰਿਆਸਤ ਦੇ ਸੰਸੰਥਾਪਕ ਬਾਬਾ ਆਲਾ ਸਿੰਘ ਵਲੋਂ ਕੀਤੀ ਗਈ ਸੀ। ਭਾਈ ਮਨੀ ਸਿੰਘ, ਜਿਨ੍ਹਾਂ ਨੇ ਆਪਣਾ ਬੰਦ ਬੰਦ ਮੁਸਲਮਾਨ ਹੁਕਮਰਾਨਾਂ ਤੋਂ ਕਟਵਾ ਕੇ ਸ਼ਹੀਦੀ ਪ੍ਰਾਪਤ ਕੀਤੀ ਸੀ, ਇਸੇ ਸਥਾਨ ਤੋਂ ਸਨ। ਇਥੇ ਇਕ ਗੁਰਦੁਆਰਾ ਬਣਿਆ ਹੋਇਆ ਹੈ ਜਿਥੇ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਦੀ ਯਾਦਗਾਰ ਵਿਚ 3 ਦਿਨਾਂ ਲਈ ਮੱਘਰ 27 (ਨਵੰਬਰ-ਦਸੰਬਰ) ਨੂੰ ਇਕ ਮੇਲਾ ਲਗਦਾ ਹੈ। ਸ. ਭਗਵਾਨ ਸਿੰਘ ਜੋ ਪ੍ਰਜਾਮੰਡਲ ਦੇ ਸੰਸਥਾਪਕ ਸਨ ਉਹ ਲੋਂਗੋਵਾਲ ਦੇ ਵਸਨੀਕ ਸਨ। ਉਨ੍ਹਾਂ ਨੇ ਸਾਹੀ ਸੂਬੇ ਦੇ ਦੱਬੇ ਕੁਚਲੇ ਲੋਕਾਂ ਦੀ ਆਜ਼ਾਦੀ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਲੋਂਗੋਵਾਲ ਗਿਆਨੀ ਗਿਆਨ ਸਿੰਘ ਜੀ ਦਾ ਜਨਮ ਅਸਥਾਨ ਵੀ ਹੇ ਜੋ ਇਕ ਉਘੇ ਸਿੱਖ ਇਤਿਹਾਸਕਾਰ ਸਨ। ਲੋਂਗੋਵਾਲ ਗਿਆਨੀ ਗਿਆਨ ਸਿੰਘ ਜੀ ਦਾ ਜਨਮ ਅਸਥਾਨ ਵੀ ਹੈ ਜੋ ਇਕ ਉੱਘੇ ਸਿੱਖ ਇਤਿਹਾਸਕਾਰ ਸਨ। ਲੋਂਗੋਵਾਲ ਵਿਖੇ ਇਕ ਦਰਜਾ 3 ਦੀ ਮਿਊਂਸਪਲ ਕਮੇਟੀ ਕਾਰਜਸ਼ੀਲ ਹੈ। ਲੋਂਗੋਵਾਲ ਪ੍ਰਸਿੱਧ ਸਿੱਖ ਇਤਿਹਾਸਕਾਰ ਗਿਆਨੀ ਗਿਆਨ ਸਿੰਘ ਦਾ ਵੀ ਜਨਮ ਸਥਾਨ ਹੈ। ਲੌਗੋਵਾਲ ਵਿਖੇ ਸਤੰਬਰ 1956 ਤੋਂ ਦਰਜਾ 3 ਮਿਉਂਸਪਲ ਕਮੇਟੀ ਕਾਰਜਸ਼ੀਲ ਹੈ।

ਮਸਤੂਆਣਾ

ਸੰਗਰੂਰ ਦੇ ਪੱਛਮ ਵੱਲ ਛੇ ਕਿ.ਮੀ. ਦੀ ਦੂਰੀ ਤੇ ਸੰਗਰੂਰ ਸਰਨਾਲ ਸੜਕ ਤੇ ਸਥਿਤ ਮਸਤੂਆਣਾ ਨੂੰ ਚੀਮਾ ਦੇ ਧਾਰਮਿਕ ਵਿਅਕਤੀ ਸੰਤ ਅਤਰ ਸਿੰਘ ਨੇ ਬਣਾਇਆ ਸੀ। ਇਸ ਦਾ ਨਾਂ ਮਸਤੂ ਨਾਂ ਦੇ ਜੱਟ ਦੇ ਨਾਂ ਤੇ ਰੱਖਿਆ ਗਿਆ ਜਿਸ ਨੇ ਕਿ ਆਪਣੀ ਜੰਗਲ ਦੀ ਜਮੀਨ ਸੰਤ ਨੂੰ ਦਾਨ ਕੀਤੀ ਸੀ। ਸੰਤ ਬਾਬਾ ਅਤਰ ਸਿੰਘ ਨੇ ਇੱਕੇ ਇੱਕ ਗੁਰਦੁਆਰਾ ਗੁਰ ਸਾਗਰ ਸਰੋਵਰ ਦੀ ਉਸਾਰੀ ਕਰਵਾਈ। ਇੱਥੇ ਉਸ ਨੇ ਇਕ ਹਾਈ ਸਕੂਲ ਵੀ ਖੋਲਿਆ। ਹੁਣ ਇਥੇ 1920 ਤੋਂ ਇਕ ਡਿਗਰੀ ਕਾਲਜ ਵੀ ਕਾਰਜਸ਼ੀਲ ਹੈ। ਇੱਥੇ ਹਰ ਸਾਲ ਜਨਵਰੀ ਦੀ 29,30,31 ਨੂੰ ਤਿੰਨ ਦਿਨਾਂ ਦਾ ਜੋੜ ਮੇਲਾ ਲਗਦਾ ਹੈ। ਸੰਤ ਬਾਬਾ ਅਤਰ ਸਿੰਘਸ ਦਾ ਸੰਸਕਾਰ ਇੱਥੇ ਕੀਤਾ ਗਿਆ। ਹਰ ਸਾਲ 3 ਜੁਲਾਈ ਨੂੰ ਇੱਕ ਵੱਡੀ ਸਭਾ ਹੁੰਦੀ ਹੈ।

ਮਲੇਰਕੋਟਲਾ

ਇਸੇ ਨਾ ਦੀ ਤਹਿਸੀਲ/ਉਪ ਮੰਡਲ ਦਾ ਸਦਰ ਮੁਕਾਮ, ਮਲੇਰਕੋਟਲਾ ਸੰਗਰੂਰ ਦੇ ਉੱਤਰ ਵਿਚ ਲੁਧਿਆਣਾ-ਸੰਗਰੂਰ ਸੜਕ ਤੇ ਸਥਿਤ ਹੈ। ਇਹ ਸੜਕ ਰਾਹੀਂ ਲੁਧਿਆਣਾ (43 ਕਿ.ਮੀ.) ਚੰਡੀਗੜ੍ਹ (123 ਕਿ.ਮੀ.) ਨਾਭਾ (36 ਕਿ.ਮੀ.) ਪਟਿਆਲਾ (52 ਕਿ.ਮੀ.) ਨਾਲ ਵੀ ਜੁੜਿਆ ਹੋਇਆ ਹੈ। ਲੁਧਿਆਣਾ ਜਾਖਲ ਰੇਲਵੇ ਲਾਇਨ ਤੇ ਰੇਲਵੇ ਸ਼ਟੇਸ਼ਨ ਵੀ ਹੈ।ਮਲੇਰਕੋਟਲਾ ਸ਼ਹਿਰ ਦੋ ਹਿੱਸਿਆਂ ਮਲੇਰ ਅਤੇ ਕੋਟਲਾ ਵਿਚ ਵੰਡਿਆ ਹੋਇਆ ਸੀ। ਮਲੇਰ ਦਾ ਸ਼ਾਇਦ ਮਲਹੇਰ ਸਿੰਘ ਦੇ ਨਾਂ ਤੇ ਪਿਆ ਜਿਹੜਾ ਕਿ ਇੱਥੇ ਸ਼ਾਸ਼ਨ ਕਰਦਾ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਉਸਨੇ ਇੱਥੇ ਕੱਚਾ ਕਿਲ੍ਹਾ ਬਣਵਾਇਆ ਸੀ ਜਿਸ ਨੂੰ ਮਲਹੇਰਗੜ੍ਹ ਕਿਹਾ ਜਾਂਦਾ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਮਲਹੇਰ (ਹੁਣ ਮਲੇਰ) ਦੀ ਨੀਂਹ 1466 ਵਿਚ ਸਦਰ-ਉ-ਦੀਨ ਨੇ ਰੱਖੀ ਸੀ ਜੋ ਕਿ ਦਰਾਬੰਦ ਦਾ ਸਰਵਾਨੀ ਅਫਗਾਨ ਸੀ। ਉਹ ਬਹੁਤ ਹੀ ਧਾਰਮਿਕ ਵਿਆਕਤੀ ਸੀ ਅਤੇ ਮੁਲਤਾਨ (ਪਾਕਿਸਤਾਨ) ਦੇ ਪੀਰ ਰੁਖਾ ਆਲਮ ਦਾ ਚੇਲਾ ਸੀ। ਉਸ ਨੇ ਪੀਰ ਨੂੰ ਛੱਡ ਦਿੱਤਾ ਅਤੇ ਮਲਹੇਰਗੜ੍ਹ ਦੇ ਖੰਡ੍ਹਰਾਂ ਵਿਚ ਭੁਮਸੀ ਵਿਖੇ ਵਸ ਗਿਆ। ਬਹਿਲੋਲ ਲੋਧੀ ਦਿੱਲੀ ਜਾਂਦੇ ਹੋਏ ਇੱਥੇ ਰੁਕਿਆ ਅਤੇ ਸਦਰ-ਉ-ਦੀਨ ਨੂੰ ਮਿਲਿਆ ਅਤੇ ਉਸ ਤੋਂ ਇਨ੍ਹਾਂ ਪ੍ਰਭਾਵਤ ਹੋਇਆ ਕਿ ਜਦੋਂ ਉਹ ਦਿੱਲੀ ਦਾ ਬਾਦਸ਼ਾਹ ਬਣਿਆ ਤਾਂ ਉਸ ਨੇ ਆਪਣੀ ਧੀ ਤਾਜ ਦਾ ਵਿਆਹ ਸਦਰ-ਉ-ਦੀਨ ਨਾਲ ਕਰਵਾਇਆ ਅਤੇ ਦਹੇਜ਼ ਵਿਚ 68 ਪਿੰਡ ਦਿੱਤੇ। ਸਦਰ-ਉ-ਦੀਨ ਦੀ ਝੌਂਪੜੀ ਦੁਆਲੇ ਬਸਤੀ ਬਣਾਈ। ਇਸ ਦਾ ਨਾਂ ਮਲੇਹਰਗੜ੍ਹ ਕਿਲ੍ਹੇ ਦੇ ਨਾਂ ਤੇ ਮਲਹੇਰ ਰੱਖਿਆ ਗਿਆ। ਜਿਹੜਾ ਬਾਅਦ ਵਿਚ ਮਲੇਰ ਦੇ ਨਾਂ ਨਾਲ ਜਾਣਿਆ ਗਿਆ।ਮਲੇਰਕੋਟਲਾ ਦਾ ਕੋਟਲਾ ਹਿੱਸਾ 1656 ਵਿਚ ਮਲੇਰ ਦੇ ਦੱਖਣ ਵੱਲ ਬਅਜਿਦ ਖਾਨ ਨੇ ਸਥਾਪਤ ਕੀਤਾ। ਇਹ ਦੀਵਾਰ ਨਾਲ ਘਿਰਿਆ ਸ਼ਹਿਰ ਸੀ ਜਿਸ ਦੇ ਕਈ ਦਰਵਾਜ਼ੇ (ਗੇਟ) ਸਨ। ਇਨ੍ਹਾਂ ਗੇਟਾਂ ਨੂੰ ਰਾਤ ਨੂੰ ਬੰਦ ਕਰ ਦਿੱਤਾ ਜਾਂਦਾ ਸੀ। ਮਲੇਰ ਅਤੇ ਕੋਟਲਾ ਦੀ ਦੂਰੀ ਨੂੰ ਨਵਾਬ ਅਹਿਮਦ ਅਲੀ ਖਾਨ ਨੇ 1901-02 ਵਿਚ ਮੋਦ ਬਜ਼ਾਰ ਬਣਵਾ ਕੇ ਖਤਮ ਕੀਤ ਅਤੇ ਆਪਸ ਵਿਚ ਇਨ੍ਹਾਂ ਨੂੰ ਜੋੜਿਆ। ਇਸ ਨੂੰ ਪਹਿਲਾਂ ਕੋਟਲਾ ਮਲੇਜਰ ਕਿਹਾ ਜਾਂਦਾ ਸੀ ਅਤੇ ਬਾਅਦ ਵਿਚ ਇਸ ਦਾ ਨਾ ਮਲੇਰਕੋਟਲਾ ਪਿਆ।ਮਲੇਰਕੋਟਲਾ ਸ਼ਹਿਰ ਪੈਪਸੂ ਦੇ ਬਣਨ ਤੋਂ ਪਹਿਲਾਂ ਮਲੇਰਕੋਟਲਾ ਰਿਆਸਤ ਦੀ ਰਾਜਧਾਨੀ ਸੀ ਅਤੇ 1 ਸਤੰਬਰ 1948 ਨੂੰ ਪੈਪਸੂ ਬਣਨ ਤੇ ਇਸ ਨੂੰ ਪੈਪਸੂ ਦੇ ਬਰਨਾਲਾ ਜ਼ਿਲ੍ਹੇ ਦੀ ਤਹਿਸੀਲ ਬਣਾਇਆ ਗਿਆ । 1956 ਵਿਚ ਜਦੋਂ ਪੈਪਸੂ ਨੂੰ ਪੰਜਾਬ ਵਿਚ ਸ਼ਾਮਲ ਕੀਤਾ ਗਿਆ ਤਾਂ ਇਸ ਨੂੰ ਸੰਗਰੂਰ ਜ਼ਿਲ੍ਹੇ ਦੀ ਤਹਿਸੀਲ ਬਣਾਇਆ ਗਿਆ ਅਤੇ ਉਸ ਤੋਂ ਬਾਅਦ ਇਹ ਸੰਗਰੂਰ ਜ਼ਿਲ੍ਹੇ ਦੀ ਤਹਿਸੀਲ ਹੀ ਹੈ।ਮਲੇਰਕੋਟਲਾ ਵਿਖੇ ਇਕ ਸਰਕਾਰੀ ਕਾਲਜ, ਦੋ ਸਰਕਾਰੀ ਹਾਈ ਸਕੂਲ ਇਕ ਮੁੰਡਿਆਂ ਲਈ ਅਤੇ ਇਕ ਕੁੜੀਆਂ ਲਈ, 5 ਪ੍ਰਾਈਵੇਟ ਹਾਈ ਸਕੂਲ, 4 ਮੁੰਡਿਆਂ ਲਈ ਅਤੇ 1 ਕੁੜੀਆਂ ਲਈ, 50 ਬਿਸਤਰਿਆਂ ਵਾਲਾ ਸਿਵਲ ਹਸਪਤਾਲ, 4 ਬਿਸਤਰਿਆਂ ਵਾਲੀ ਸ਼ਹਿਰੀ ਬਸਤੀ ਇਲਾਕੇ ਲਈ ਡਿਸਪੈਂਸਰੀ, ਇੱਕ ਈ.ਐਸੱ.ਆਈ. ਡਿਸਪੈਂਸਰੀ, ਇਕ 5 ਬਿਸਤਰਿਆਂ ਵਾਲਾ ਡਾ: ਦਿਆ ਕ੍ਰਿਸ਼ਨ ਜੈਨ ਜਨਤਾ ਹਸਪਤਾਲ, ਇਕ ਪੀ.ਡਬਲਿਊ ਅਤੇ ਇਕ ਜ਼ਮੀਨਦਾਰਾ ਰੈਸਟ ਹਾਊਸ ਹੈ।ਇੱਥੇ 1905 ਤੋਂ ਮਿਊਸਪਲ ਕਮੇਟੀ ਕਾਰਜ਼ਸੀਲ ਹੈ।ਮਲੇਰਕੋਟਲਾ ਜ਼ਿਲ੍ਹੇ ਵਿਚ ਇੱਕ ਹੀ ਉਦਯੋਗਿਕ ਸ਼ਹਿਰ ਹੈ। ਸ਼ਹਿਰ ਵਿਚ ਛੋਟੇ ਪੱਧਰ ਦੀਆਂ ਕਈ ਉਦਯੋਗਿਕ ਇਕਾੲਆਂ ਕੰਮ ਕਰ ਰਹੀਆਂ ਹਨ। ਹੁਣ ਇਹ ਸਾਈਕਲ ਦੇ ਕੁਝ ਪਾਰਟਾ (ਹਿੱਸਿਆਂ) ਅਤੇ ਖੇਤੀਬਾੜੀ ਸੰਦਾਂ ਨੂੰ ਬਣਾਉਣ ਲਈ ਪ੍ਰਸਿੱਧ ਹੈ। ਇਸੇ ਤਰ੍ਹਾਂ ਖੇਤੀ ਦੇ ਖੇਤਰ ਵਿਚ ਖਾਸ ਕਰਕੇ ਸਬਜੀਆਂ ਉਗਾਉਣ ਲਈ ਮਲੇਰਕੋਟਲਾ ਪ੍ਰਸਿੱਧ ਸਥਾਨ ਹੈ। ਇਸ ਇਲਾਕੇ ਵਿਚ ਉਗਾਈ ਜਾਂਦੀ ਗੋਭੀ ਸਾਰੇ ਪੰਜਾਬ ਵਿਚ ਵੇਚੀ ਜਾਂਦੀ ਹੈ। ਇਥੋਂ ਦੀ ਮੇਥੀ ਦਾ ਗੁਣਵੱਤਾ ਪੱਧਰ ਵੀ ਉਚਾ ਹੈ ਅਤੇ ਇਹ ਆਪਣੇ ਸੁਆਦ ਅਤੇ ਖੁਸ਼ਬੋ ਲਈ ਪ੍ਰਸਿੱਧ ਹੈ। ਹਰ ਸਾਲ 17 ਅਤੇ 18 ਜਨਵਰੀ ਨੂੰ ਗਾਂ ਹੱਤਿਆ ਦੇ ਵਿਰੁੱਧ ਲਹਿਰ ਦੌਰਾਨ ਸ਼ਹੀਦ ਹੋਏ 66 ਨਾਮਧਾਰੀਆਂ ਦੀ ਯਾਦ ਵਿਚ ਦੋ ਦਿਨਾਂ ਮੇਲਾ ਲੱਗਦਾ ਹੈ। ਅੰਗਰੇਜ਼ ਅਥਾਰਟੀ ਦੇ ਆਦੇਸ਼ ਤੇ 49 ਨਾਮਧਾਰੀਆਂ ਨੂੰ ਤੋਪਾਂ ਨਾਲ ਉਡਾ ਦਿੱਤਾ ਕਿਆ ਸੀ ਅਤੇ ਇੱਕ ਨੂੰ ਬਿਨਾਂ ਮੁਕੱਦਮੇ ਤੋਂ 17 ਜਨਵਰੀ 1872 ਨੂੰ ਤਲਵਾਰ ਨਾਲ ਕੱਟ ਦਿੱਤਾ ਗਿਆ ਸੀ। ਹੋਰ 16 ਨੂੰ ਸੰਖੇਪ ਮੁਕੱਦਮੇ ਤੋਂ ਬਾਅਦ 18 ਜਨਵਰੀ, 1872 ਨੂੰ ਤੋਪਾਂ ਨਾਂਲ ਉਡਾ ਦਿੱਤਾ ਗਿਆ ਸੀ।ਸ਼ੇਖ ਸਦਰ-ਉ-ਦੀਨ ਜਿਸ ਨੇ ਬਹਿਲੋਲ ਲੋਧੀ ਦੇ ਸਮੇਂ ਮਲੇਰਕੋਟਲਾ ਦੀ ਨੀਂਹ ਰੱਖੀ ਸੀ, ਦੀ ਯਾਦ ਵਿਚ ਮਈ-ਜੂਨ ਅਤੇ ਸਤੰਬਰ-ਅਕਤੂਬਰ ਵਿਚ ਇਕ-ਇਕ ਦਿਨ ਲਈ ਹਜ਼ਰਤ ਸ਼ੇਖ ਸਦਰ-ਉ-ਦੀਨ ਨਾਂ ਦੇ ਮੇਲਾ ਲਗਦਾ ਹੈ। ਸਾਰੇ ਧਰਮਾਂ ਨਾਲ ਸਬੰਧਤ ਲੋਕ ਇਸ ਮੇਲੇ ਵਿਚ ਸ਼ਾਮਲ ਹੁੰਦੇ ਹਨ। ਹੋਰ ਜ਼ਿਲ੍ਹਿਆਂ ਤੋਂ ਵੀ ਸੈਲਾਨੀ ਇਸ ਮੇਲੇ ਵਿਚ ਸ਼ਾਮਲ ਹੋਣ ਲਈ ਆਉਂਦੇ ਹਨ। ਇਥੇ ਬਕਰਿਆਂ ਦੀ ਭੇਟ ਵੀ ਦਿੱਤੀ ਜਾਂਦੀ ਹੈ।

ਮਲੇਰਕੋਟਲਾ ਵਿਚ ਵੇਖਣ ਵਾਲੇ ਹੋਰ ਸਥਾਨ ਇਹ ਹਨ:-

ਸ਼ੀਸ ਮਹਿਲ

ਇਹ ਮਲੇਰਕੋਟਲਾ ਦੇ ਨਵਾਬ ਦੀ ਰਿਹਾਇਸ਼ ਸੀ। ਇਸ ਮਹਿਲ ਵਿਚ ਸ਼ੀਸ਼ੇ ਦੀ ਬਹੁਤ ਜਿਆਦਾ ਵਰਤੋਂ ਕੀਤੀ ਗਈ ਹੈ। ਇਸ ਲਈ ਇਹ ਸ਼ੀਸ਼ ਮਹਿਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਜਾਮਾ ਮਸਜਿਦ

ਮਸਜਿਦ ਸ਼ਹਿਰ ਦੀ ਬਹੁਤ ਪੁਰਾਣੀ ਇਮਾਰਤ ਹੈ ਜਿਹੜੀ ਰਿਆਸਤ ਦੇ ਸਮੇਂ ਦੌਰਾਨ ਬਣਾਈ ਗਈ ਸੀ। ਇਸ ਦੀ ਹੁਣ ਵੀ ਬਹੁਤ ਸਾਂਭ-ਸੰਭਾਲ ਕੀਤੀ ਜਾਂਦੀ ਹੈ।

ਮੂਣਕ

ਇਹ ਸੁਨਾਮ ਦੇ ਦੱਖਣ ਵੱਲ 45 (ਕਿ.ਮੀ.) ਦੀ ਦੂਰੀ ਤੇ ਘੱਗਰ ਦੇ ਕੰਢੇ ਸਥਿਤ ਹੈ। ਮੂਣਕ ਜਾਖਲ-ਪਟਿਆਲਾ ਸੜਕ ਤੇ ਪੈਂਦਾ ਹੈ। ਇਹ ਸੜਕ ਰਾਹੀਂ ਜਾਖਲ (ਹਰਿਆਣਾ) ਤੋਂ 5 ਕਿ.ਮੀ. ਦੀ ਦੂਰੀ ਤੇ ਹੈ। ਇਹ ਸੁਨਾਮ ਤਹਿਸੀਲ ਦੀ ਉਪ ਤਹਿਸੀਲ ਹੈ। ਪੈਪਸੂ ਦੇ ਬਣਨ ਤੋਂ ਪਹਿਲਾਂ ਇਹ ਪਟਿਆਲਾ ਦੀ ਪੂਰਬਲੀ ਰਿਆਸਤ ਸੀ। ਇਸ ਦਾ ਨਾਂ ਅਕਾਲਗੜ੍ਹ ਵੀ ਸੀ। ਸੰਨ 1916 ਵਿਚ ਇਹ ਅਪੀਲੀ ਅਦਾਲਤ (ਕੋਰਟ ਆਫ ਅਪੀਲ) ਦਾ ਸਦਰ ਮੁਕਾਮ ਸੀ ਅਤੇ 1946 ਤੱਕ ਰਿਹਾ। ਪਟਿਅਲੇ ਦੇ ਮਹਾਰਾਜੇ ਕਰਮ ਸਿੰਘ ਦਾ ਵਿਆਹ ਮੂਣਕ ਵਿਖੇ ਹੋਇਆ ਸੀ। ਇੱਥੇ ਕਿਲ੍ਹਾ ਮੁਬਾਰਕ ਨਾਂ ਦਾ ਪੁਰਾਣਾ ਕਿਲ੍ਹਾ ਵੀ ਹੈ ਜਿਸਨੂੰ ਮੁਸਲਿਮ ਸਮੇਂ ਦੌਰਾਨ ਬਣਿਆ ਹੋਇਆ ਮੰਨਿਆਂ ਜਾਂਦਾ ਹੈ। ਕਿਲ੍ਹੇ ਵਿਚ ਇਕ ਖੂਹ ਸੀ ਜਿਸ ਦਾ ਪਾਣੀ ਸਿਹਤ ਲਈ ਚੰਗਾ ਨਹੀਂ ਸੀ। ਪਟਿਆਲਾ ਰਿਆਸਤ ਦੇ ਘੌਰ ਅਪਰਾਧੀਆਂ ਨੂੰ ਇਥੇ ਭੇਜਿਆ ਜਾਂਦਾ ਸੀ ਜਿਥੇ ਕੁਝ ਦਿਨਾਂ ਵਿਚ ਹੀ ਮਰ ਜਾਂਦੇ ਸਨ। ਇਥੇ ਮੋਰ ਬਹੁਤ ਗਿਣਤੀ ਵਿਚ ਮਿਲਦੇ ਹਨ ਅਤੇ ਅਜ਼ਾਦੀ ਨਾਲ ਇਧਰ-ਉਧਰ ਘੁੰਮਦੇ ਹਨ ਲੋਕ ਉਨ੍ਹਾਂ ਨੂੰ ਨਾਂ ਤਾ ਪਕੜਦੇ ਹਨ ਅਤੇ ਨਾ ਹੀ ਮਾਰਦੇ ਹਨ। ਨੌਵੇ ਗੁਰੂ ਗੁਰੂ ਤੇਗ ਬਹਾਦਰ ਜੀ ਦੇ ਇਥੇ ਆਉਣ ਨਾਲ ਸਬੰਧਤ ਇਕ ਗੁਰਦੁਆਰਾ ਹੈ। ਇਕ ਸਰੋਵਰ ਵੀ ਬਣਾਇਆ ਗਿਆ ਹੈ ਜਿਥੇ ਲੋਕ ਇਸ਼ਨਾਨ ਕਰਦੇ ਹਨ। ਦੋ ਹਾਈ ਸਕੂਲ (ਇੱਕ ਮੁੰਡਿਆਂ ਲਈ ਅਤੇ ਇਕ ਕੁੜੀਆਂ ਲਈ), 30 ਬਿਸਤਰਿਆਂ ਵਾਲਾ ਦਿਹਾਤੀ ਹਸਪਤਾਲ, ਪਸੂਆਂ ਲਈ ਡਿਸਪੈਂਸਰੀ, ਸਬ-ਖਜ਼ਾਨਾ, ਪੋਸਟ ਅਤੇ ਟੈਲੀਗ੍ਰਾਫ ਦਫ਼ਤਰ ਅਤੇ ਟੈਲੀਫੋਨ ਐਕਸਚੈਂਜ ਇਥੇ ਕਾਰਜਸ਼ੀਲ ਹਨ। ਕਣਕ, ਤੇਲ ਦੇ ਬੀਜ, ਕਪਾਹ ਅਤੇ ਝੌਨਾ ਇਸ ਖੇਤਰ ਵਿਚ ਉਗਾਈਆਂ ਜਾਣ ਵਾਲੀਆਂ ਕੁਝ ਫਸਲਾਂ ਹਨ।

ਰਣੀਕੇ

ਧੂਰੀ ਦੇ ਪੱਛਮ ਵੱਲ 8 ਕਿ.ਮੀ. ਦੀ ਦੂਰੀ ਤੇ ਸਿਥਿਤ ਰਣੀਕੇ ਧੂਰੀ ਬਰਨਾਲਾ ਸੜਕ ਤੇ ਸਥਿਤ ਹੈ ਪਿੰਡ ਵਿਚ ਪੁਰਾਤਨ ਸ਼ਿਵ ਮੰਦਰ ਮੌਜੂਦ ਹੈ। ਇਹ ਕਿਹਾ ਜਾਂਦਾ ਹੈ ਕਿ ਇਸ ਥਾਂ ਤੇ ਸ਼ਿਵਲਿੰਗ ਪ੍ਰਗਟ ਹੋਇਆ ਸੀ। ਸ਼ਿਵਰਾਤਰੀ ਵਾਲੇ ਦਿਨ ਇਸ ਸਥਾਨ ਤੇ ਵੱਡਾ ਮੇਲਾ ਲਗਦਾ ਹੈ। ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਤੋਂ ਵੀ ਵੱਡੀ ਗਿਣਤੀ ਵਿਚ ਲੋਕ ਇਥੇ ਪੂਜਾ ਕਰਨ ਅਤੇ ਸ਼ਿਵਲਿੰਗ ਉੱਤੇ ਜਲ ਚੜ੍ਹਾਉਣ ਲਈ ਆਉਂਦੇ ਹਨ। ਇਸ ਦਿਨ ਲਗਭਗ 50,000 ਲੋਕ ਇਕੱਠੇ ਹੁੰਦੇ ਹਨ ਇਹ ਕਿਹਾ ਜਾਂਦਾ ਹੈ ਕਿ ਬੇ ਔਲਾਦ ਔਰਤਾਂ ਜੇਕਰ ਸ਼ਿਵਰਾਤੀ ਤੋਂ ਇਕ ਰਾਤ ਪਹਿਲਾਂ ਇਸ ਸਥਾਨ ਤੇ ਰਹਿੰਦੀਆਂ ਹਨ ਅਤੇ ਸ਼ਿਵ ਦੀ ਪੂਜਾ ਕਰਦੀਆਂ ਹਨ ਤਾਂ ਉਨ੍ਹਾਂ ਨੂੰ ਬੱਚੇ ਦੀ ਦਾਤ ਮਿਲਦੀ ਹੈ।

ਸੰਗਰੂਰ

ਜ਼ਿਲ੍ਹੇ ਦੇ ਸਦਰ ਮੁਕਾਮ ਅਤੇ ਇਸੇ ਨਾਂ ਦੀ ਤਹਿਸੀਲ ਸੰਗਰੂਰ ਲੁਧਿਆਣਾ ਜਾਖਲ ਰੇਲਵੇ ਲਾਈਨ ਤੇ ਸਥਿਤ ਹੈ। ਸੜਕ ਰਾਹੀਂ ਇਹ ਪਟਿਆਲਾ (56 ਕਿ.ਮੀ.), ਲੁਧਿਆਣਾ (52 ਕਿ.ਮੀ.), ਚੰਡੀਗੜ੍ਹ (121 ਕਿ.ਮੀ.) ਅਤੇ ਬਠਿੰਡਾ (112 ਕਿ.ਮੀ.) ਨਾਲ ਜੁੜਿਆ ਹੋਇਆ ਹੈ। ਇਹ 1948 ਤੱਕ ਜਦੋਂ ਰਿਆਸਤ ਖਤਮ ਕਰ ਦਿੱਤੀ ਗਈ ਜੀਂਦ ਦੀ ਪੂਰਬਲੀ ਰਿਆਸਤ ਦੀ ਰਾਜਧਾਨੀ ਰਿਹਾ। ਸੰਗਰੂਰ ਦੀ ਨੀਂਹ ਸੰਗੂ ਜੱਟ ਵਲੁਂ ਲਗਭਗ 400 ਸਾਲ ਪਹਿਲਾਂ ਰੱਖੀ ਗਈ ਮੰਨੀ ਜਾਂਦੀ ਹੈ ਅਤੇ ਇਸ ਦੇ ਨਾਂ ਤੇ ਸ਼ਹਿਰ ਦਾ ਨਾਂ ਪਿਆ । ਪਹਿਲਾਂ ਇਹ ਮਿੱਟੀ ਦੇ ਘਰਾਂ ਦਾ ਛੋਟਾ ਜਿਹਾ ਪਿੰਡ ਸੀ। ਰਾਜਾ ਸੰਗਤ ਸਿੰਘ ਨੇ 1827 ਵਿਚ ਰਾਜਧਾਨੀ ਵਜੋਂ ਚੁਣਿਆ ਕਿਉਂਕਿ ਇਹ ਦੋ ਹੋਰ ਫੁਲਕਿਆਂ ਰਿਆਸਤਾਂ ਦੇ ਸਦਰ-ਮੁਕਾਮਾਂ ਪਟਿਆਲਾ ਅਤੇ ਨਾਭਾ ਦੇ ਨੇੜੇ ਸੀ। ਸੰਨ: 1763 ਈ. ਵਿਚ ਸਰਹਿੰਦ ਦੇ ਗਵਰਨਰ ਜੇਨ ਖਾਂਨ ਨੂੰ ਸਿੱਖਾਂ ਹਰਾਇਆ ਅਤੇ ਸਰਹਿੰਦ ਸੂਬੇ ਨੂੰ ਫੁਲਕੀਆ ਸਰਦਾਰਾਂ ਵਿਚਕਾਰ ਵੰਡ ਦਿੱਤਾ ਗਿਆ ਅਤੇ ਸੰਗਰੂਰ ਨਾਭਾ ਰਿਆਸਤ ਦਾ ਹਿੱਸਾ ਬਣਿਆ। ਪਰ ਸਰਦਾਰ ਮਹਾਂ ਸਿੰਘ ਸੁਕਰਚੱਕੀਆ ਮਹਰਾਜਾ ਰਣਜੀਤ ਸਿੰਘ ਦੇ ਪਿਤਾ ਦੇ ਜੀਂਦ ਦ। ਰਾਜਾ ਗਜਪਤ ਸਿੰਘ ਦੀ ਧੀ ਰਾਜ ਕੌਰ ਨਾਲ ਵਿਆਹ ਦੇ ਮੌਕੇ ਤੇ ਜੀਂਦ ਅਤੇ ਨਾਭਾ ਦੀਆਂ ਦੋ ਫੁਲਕੀਆਂ ਰਿਆਸਤਾਂ ਵਿਚ ਝਗੜਾ ਹੋ ਗਿਆ ਜਦੋਂ ਨਾਭਾ ਇਲਾਕੇ ਵਿਚੋਂ ਲੰਘਣ ਵੇਲੇ ਬਰਾਤ ਦੀ ਨਾਭਾ ਦੇ ਕੁਝ ਉੱਚ ਅਧਿਆਕਰੀਆਂ ਨੇ ਬੇਇੱਜਤੀ ਕਰ ਦਿੱਤੀ। ਉਸ ਤੋਂ ਬਾਅਦ ਜੀਂਦ ਦੇ ਰਾਜਾ ਗਜਪਤ ਸਿੰਘ ਨੇ ਨਾਭਾ ਦੇ ਹਮੀਰ ਸਿੰਘ ਤੋਂ ਸੰਗਰੂਰ ਖੋਹ ਲਿਆ।

ਇਸਨੂੰ ਬਾਅਦ ਵਿਚ ਇੱਕ ਖੂਬਸੂਰਤ ਸ਼ਹਿਰ ਵਜੋਂ ਵਿਕਸ਼ਿਤ ਕੀਤਾ ਗਿਆ। ਰਾਜਾ ਰਘਬੀਰ ਸਿੰਘ ਨੇ ਜੈਪੁਰ ਸ਼ਹਿਰ (ਰਾਜਸਥਾਨ) ਦੀ ਤਰ੍ਹਾਂ ਹੀ ਇਥੇ ਬਜਾਰ ਦੀ ਉਸਾਰੀ ਕੀਤੀ ਜਿਸ ਵਿਚ ਪੱਕੀਆਂ ਦੁਕਾਨਾਂ, ਬਗੀਚੇ, ਤਲਾਬ, ਮੰਦਰ ਅਤੇ ਹੋਰ ਜਨਤਕ ਅਤੇ ਧਾਰਮਿਕ ਇਮਾਰਤਾਂ ਸਨ। ਸ਼ਹਿਰ ਦੇ ਦੁਆਲੇ ਪੱਕੀ ਸੜਕ ਵੀ ਬਣਾਈ ਗਈ। ਉਸਨੇ ਸਾਰੇ ਗੇਟਾਂ ਉਤੇ ਗੁਰਦੁਆਰਿਆਂ ਅਤੇ ਮੰਦਰਾਂ ਦੀ ਉਸਾਰੀ ਵੀ ਕੀਤੀ। ਸ਼ਹਿਰ ਦੇ ਚਾਰ ਗੇਟ (ਦਰਵਾਜੇ) ਹਨ- ਸੁਨਾਮੀ, ਪਟਿਆਲਾ, ਧੂਰੀ ਅਤੇ ਨਾਭਾ ਗੇਟ ਉਸ ਵਿਚ ਪੈਂਦੇ ਗੁਆਂਢੀ ਸ਼ਹਿਰ ਦੇ ਨਾਂ ਤੇ ਰੱਖਿਆ ਗਿਆ ਸੀ। ਸਹਿਰ ਸੁੰਦਰ ਬਗੀਚਿਆਂ ਅਤੇ ਦੁਕਾਨਾਂ ਨਾਲ ਘਿਰਿਆ ਹੋਇਆ ਹੈ। ਸ਼ਹਿਰ ਦਾ ਸਭ ਤੋਂ ਆਕਰਸ਼ਕ ਖਿੱਚ ਦਾ ਸਥਾਨ ਬਨਾਸਰ ਬਾਗ ਹੈ ਇਸ ਵਿਚ ਤੈਰਨ ਲਈ ਤਲਾਬਾਂ ਅਤੇ ਸੰਗਮਰਮਰ ਦੀ ਬਾਰਾਂਦਰੀ ਹੈ। ਬਾਰਾਂਦਰੀ ਵਿਚ ਇਕ ਖੂਬਸਬੂਰਤ ਪੁਲ ਅਤੇ ਸੰਗਮਰਮ ਦਾ ਗੇਟ ਹੈ। ਜੀਂਦ ਦੇ ਸ਼ਾਸ਼ਕ ਇਥੇ ਆਪਣੀਆਂ ਗਰਮੀਆਂ ਬਿਤਾਉਂਦੇ ਸਨ। ਚਾਂਦਨੀ ਰਾਤ ਵਿਚ ਇਸ ਦੁਆਲੇ ਪਾਣੀ ਵਿਚ ਅਕਸ ਦੇ ਕਾਰਣ ਬਹੁਤ ਹੀ ਸ਼ਾਨਦਾਰ ਨਜਾਰਾ ਹੁੰਦਾ ਹੈ। ਇੰਨ੍ਹੀ ਦਿਨੀਂ ਬਨਾਸਰ ਬਾਗ ਜਨਤਾ ਲਈ ਖੁੱਲਾ ਹੈ ਅਤੇ ਸ਼ਾਮ ਵੇਲੇ ਕਈ ਲੋਕ ਅਰਾਮ ਅਤੇ ਸ਼ਾਂਤੀ ਲਈ ਇਥੇ ਸੈਰ ਕਰਨ ਆਉਂਦੇ ਹਨ। ਬਨਾਸਰ ਬਾਗ ਵਿਚ ਇੱਕ ਛੋਟਾ ਚਿੜੀਆਘਰ ਵੀ ਹੈ। ਬਨਾਸਰ ਦੇ ਨਾਲ ਇੱਕ ਹੋਰ ਮਹੱਤਵਪੂਰਨ ਇਮਾਰਤ ਦੀਵਾਨਖਾਨਾ ਹੈ। ਇੱਥੇ ਜੀਂਦ ਦਾ ਰਾਜਾ ਸ਼ਾਹੀ ਸਮਿਆਂ ਦੌਰਾਨ ਦਰਬਾਰ ਲਗਾਇਆ ਕਰਦਾ ਸੀ । ਮੌਜੂਦਾ ਸਮੇਂ ਇੱਕ ਸੁੰਦਰ ਅਜਾਇਬ ਘਰ ਹੈ ਜਿਥੇ ਹਥਿਆਰ ਅਤੇ ਸ਼ਾਹੀ ਸਮਿਆਂ ਨਾਲ ਸਬੰਧਤ ਹੋਰ ਮਹੱਤਵਪੂਰਨ ਵਸਤੂਆਂ ਨਮਾਇਸ਼ ਲਈ ਰੱਖੀਆਂ ਗਈਆਂ ਹਨ। ਦੀਵਾਨਖਾਨੇ ਅਤੇ ਬਾਰਾਂਦਰੀ ਦੀ ਸ਼ਾਨ ਕਲਾ ਅਤੇ ਭਵਨ ਨਿਰਮਾਣ ਕਲਾ ਦੇ ਖੇਤਰ ਵਿਚ ਸ਼ਾਹੀ ਸਮਿਆਂ ਦੌਰਾਨ ਵੀੱਆਂ ਪ੍ਰਾਪਤੀਆਂ ਨੂੰ ਦਰਸਾਉਂਦਾ ਹੈ। ਸੰਗਰੂਰ ਵਿਖੇ 2 ਡਿਗਰੀ ਕਾਲਜ, ਦੋ ਸਰਕਾਰੀ ਹਾਇਰ ਸੈਕੰਡਰੀ ਸਕੂਲ ਇੱਕ ਮੁੰਡਿਆਂ ਅਤੇ ਇੱਕ ਕੁੜੀਆਂ ਲਈ ਦੋ ਪ੍ਰਾਈਵੇਟ ਸਕੂਲ ਇੱਕ ਮੁੰਡਿਆਂ ਅਤੇ ਇੱਕ ਕੁੜੀਆਂ ਲਈ, 100 ਬਿਸਤਰਿਆਂ ਵਾਲਾ ਇਕ ਸਿਵਲ ਹਸਪਤਾਲ, ਇੱਕ ਸ਼ਹਿਰੀ ਬਸਤੀ ਇਲਾਕੇ ਲਈ ਡਿਸਪੈਂਸਰੀ, 18 ਬਿਸਤਰਿਆਂ ਵਾਲਾ ਇੱਕ ਟੀ.ਵੀ. ਕਲੀਨਿਕ, ਇਕ ਸਕੂਲ, ਸਿਹਤ ਕਲੀਨਿਕ, 12 ਬਿਸਤਰਿਆਂ ਵਾਲਾ ਇੱਕ ਜ਼ਿਲ੍ਹਾ ਜੇਲ ਹਸਪਤਾਲ, 16 ਬਿਸਤਰਿਆਂ ਵਾਲਾ ਇੱਕ ਪੁਲਿਸ ਲਾਈਨ ਹਸਪਤਾਲ, ਇੱਕ ਸੈਨਿਕ ਰੈਸੱਟ ਹਾਊਸ, ਇੱਕ ਪੀ.ਡਰਲਿਊ ਡੀ ਰੈਸੱਟ ਹਾਊਸ ਅਤੇ ਇੱਕ ਜ਼ਿੰਮੀਦਾਰਾ ਰੈਸਟ ਹਾਊਸ ਹੈ। ਨਾਭਾ ਗੇਟ, ਸੰਗਰੂਰ ਤੋਂ ਲਗਭਗ 5 ਕਿ.ਮੀ. ਤੇ ਗੁਰਦੁਆਰਾ ਨਾਨਕੀਆਣਾ ਸਾਹਿਬ ਸਥਿਤ ਹੈ। ਕਿਹਾ ਜਾਂਦਾ ਹੈ ਕਿ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਛੇਵੇਂ ਗੁਰੂ ਸ੍ਰੀ ਹਰਗੋਬਿੰਦ ਜੀ ਇਸ ਸਥਾਨ ਤੇ ਆਏ ਸਨ। ਕਿਹਾ ਜਾਂਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਸਥਾਨ ਤੇ ਆਰਤੀ ਲਿਖੀ ਸੀ। ਇਹ ਵੀ ਮੰਨਿਆ ਜਾਂਦਾ ਹੈ ਕਿ ਗੁਰੂ ਹਰਗੋਬਿੰਦ ਜੀ ਨੇ ਕਰੀਰ ਦਰੱਖਤ ਨਾਲ ਆਪਣਾ ਘੋੜਾ ਬੰਨਿਆ ਸੀ। ਕਰੀਰ ਦਰੱਖਤ ਜੋ ਕਿ ਹੁਣ ਕਰੀਰ ਸਾਹਿਬ ਨਾਲ ਪ੍ਰਸਿੱਧ ਹੈ, ਜੋ ਗੁਰਦੁਆਰੇ ਦੇ ਸਿਖਰ ਤੇ ਅਜੇ ਵੀ ਮੌਜੂਦ ਹੈ। ਇਸ ਸਥਾਨ ਤੇ ਬਹੁਤ ਗਿਣਤੀ ਵਿਚ ਲੋਕ ਆਉਂਦੇ ਹਨ।

ਸੁਨਾਮ

ਸੁਨਾਮ ਸੰਗਰੂਰ ਜਿਲ੍ਹੇ ਦੀ ਤਹਿਸੀਲ ਅਤੇ ਸਬ ਤਹਿਸੀਲ ਹੈ। ਲੁਧਿਆਣਾ-ਹਿਸਾਰ ਰੇਲਵੇ ਲਾਈਨ ਤੇ ਸਥਿਤ ਇਹ ਸੜਕ ਰਾਹੀਂ ਪਟਿਆਲਾ (64 ਕਿ.ਮੀ.), ਸੰਗਰੂਰ (19 ਕਿ.ਮੀ.), ਬਠਿੰਡਾ (114 ਕਿ.ਮੀ.), ਲੁਧਿਆਣਾ (90 ਕਿ.ਮੀ.) ਅਤੇ ਚੰਡੀਗੜ੍ਹ (129 ਕਿ.ਮੀ.) ਨਾਲ ਜੁੜਿਆ ਹੋਇਆ ਹੈ। ਸੁਨਾਮ ਦਾ ਇਤਿਹਾਸ ਵੈਦਿਕ ਸਮਿਆਂ ਦਾ ਹੈ ਜਦੋਂ ਇਸ ਦਾ ਨਾਂ ਸੂਰਜਪੁਰ ਸੀ। ਸਰਸਵਤੀ ਨਦੀ ਇਸ ਦੇ ਨਾਲ ਵਹਿੰਦੀ ਸੀ। ਆਧੁਨਿਕ ਸ਼ਹਿਰ ਪੁਰਾਣੇ ਕਿਲ੍ਹੇ ਦੀਆਂ ਦੀਵਾਰਾਂ ਦੇ ਅੰਦਰ ਬਣਿਆ ਸੀ ਜਿਸ ਵਿਚ ਇਥੋਫ਼ਂ ਦੇ ਵਸਨੀਕਾਂ ਨੂੰ ਸ਼ਰਣ ਲੈਣ ਲਈ ਵਾੜਿਆ ਗਿਆ ਸੀ। ਇਹ ਦੋ ਹਿੱਸਿਆਂ ਵਿਚ ਵੰਡਿਆ ਹੋਇਆ ਹੈ, ਇੱਕ ਕਿਲ੍ਹੇ ਦੇ ਗੜ੍ਹ ਵਿਚ ਅਤੇ ਦੂਜਾ ਸਮਤਲ ਨੀਚੀ ਭੂਮੀ ਵਿਚ। ਸੁਨਾਮ ਦਾ ਭਾਵੇਂ ਹੁਣ ਇਨ੍ਹਾਂ ਮਹੱਤਵ ਨਹੀਂ ਹੈ ਪਰ ਇਸ ਨੇ ਮੁਸਲਿਮ ਹਮਲੇ ਤੋਂ ਬਾਅਦ ਪੰਜਾਬ ਦੇ ਇਤਿਹਾਸ ਵਿਚ ਮਹੱਤਵਪੂਰਣ ਭੂਮਿਕਾ ਅਦਾ ਕੀਤੀ, ਅਲ ਬਰੂਨੀ ਨੇ ਉਸ ਨੂੰ ਸਮੇਂ ਦਾ ਪ੍ਰਸਿੱਧ ਸਥਾਨ ਦਰਸਾਇਆ ਹੈ। ਸੰਸਕ੍ਰਿਤ ਵਿਚ ਸੁਨਾਮ ਦਾ ਅਰਥ ਹੈ ਸੁੱਧ ਨਾਂ ਪਰ ਕੁਝ ਕਹਿੰਦੇ ਹਨ ਕਿ ਇਸ ਦਾ ਨਾਂ ਸੋਨਾ, ਇੱਕ ਗੁੱਜਰੀ ਦੇ ਨਾਂ ਤੇ ਪਿਆ ਜਿਸ ਨੇ ਬਠਿੰਡਾ ਦੇ ਕਿਲੇ ਨੂੰ ਜਿੱਤਣ ਵਿਚਲ ਗੋਰ ਦੇ ਮੁਹੰਮਦ ਨੂੰ ਸੇਧ ਦਿੱਤੀ ਅਤੇ ਇਨਾਮ ਵਜੋਂ ਉਸਨੂੰ ਸੁਨਾਮ ਦੇਣ ਲਈ ਕਿਹਾ। ਕਈ ਇਸ ਨੂੰ ਸੁਨਾਮ ਤੋਂ ਲਿਆ ਮੰਨਦੇ ਹਨ ਜਿਸ ਦਾ ਅਰਬੀ ਭਾਸ਼ਾ ਵਿਚ ਅਰਥ ਹੈ ਊਂਠ ਦਾ ਕੁਹਾਨ। ਜਦੋਂ ਕੁਤਬ-ਉਦ-ਦੀਨ ਅਲਤਮਾਸ਼ ਨੇ ਇਸ ਨੂੰ ਆਪਣੇ ਨੌਕਰ ਸ਼ੇਰ ਖਾਨ ਨੂੰ ਜਗੀਰ ਵਜੋਂ ਦਿੱਤਾ। ਗਿਆਨ-ਉਦ-ਦੀਨ ਅਲਤਮਾਸ਼ ਨੇ ਇਸ ਨੂੰ ਆਪਣੇ ਚਚੇਰੇ ਭਾਈ ਸ਼ੇਰ ਖਾਨ ਦੀ ਮੌਤ ਤੇ ਤਿਮਰ ਖਾਨ ਨੂੰ ਸਮਾਣੇ ( ਹੁਣ ਪਟਿਆਲਾ ਜ਼ਿਲ੍ਹੇ ਵਿਚ) ਨਾਲ ਦਿੱਤਾ ਅਤੇ ਬਾਅਦ ਵਿਚ ਇਸ ਨੂੰ ਆਪਣੇ ਹੀ ਪੁੱਤਰ ਬੁਗਰਾ ਖਾਨ ਨੂੰ ਦਿੱਤਾ ਮੁਹੰਮਦ ਸ਼ਾਹ ਤੁਗਲਕ ਅਧੀਨ ਇਸ ਤੇ ਨਿਰਭਰ ਕਬੀਲੇ ਨੇ ਵਿਦਰੋਹ ਕੀਤਾ। ਇਹ ਇੱਕ ਪੁਰਾਤਨ ਸਥਾਨ ਹੈ ਅਤੇ 40 ਜਾਂ 50 ਫੁੱਟ ਡੂੰਘੀ ਖਾਈ ਖੁਦਾਈ ਕਰਨ ਤੇ ਬੁੱਤ, ਵੱਡੀਆਂ ਇੱਟਾਂ ਅਤੇ ਹੱਡੀਆਂ ਮਿਲਦੀਆਂ ਹਨ। ਅਕਬਰ ਦੇ ਸਮੇਂ ਵਿਚ ਇਹ ਸਰਹਿੰਦ ਦਾ ਪਰਗਨਾ ਸੀ। ਮੁਸਲਿਮ ਸ਼ਾਸ਼ਨ ਦੌਰਾਨ ਸੁਨਾਮ, ਸਮਾਣਾ ਅਤੇ ਸਰਹਿੰਦ (ਹੁਣ ਪਟਿਆਲਾ ਜਿਲ੍ਹੇ ਵਿਚ) ਦੀ ਤਰ੍ਹਾਂ ਰਾਜਨੀਤੀ ਦਾ ਕੇਂਦਰ ਸੀ। ਬਾਬਾ ਆਲਾ ਸਿੰਘ ਪੂਰਬਲੀ ਪਟਿਆਲਾ ਰਿਆਸਤ ਦਾ ਬਾਨੀ ਸੀ, ਨੇ ਇਹ ਸ਼ਹਿਰ ਮੁਸਲਿਮ ਸ਼ਾਸ਼ਕਾਂ ਤੋਂ ਜਿੱਤਿਆ ਸੀ। ਅਕਬਰ ਦੇ ਦਰਬਾਰੀ ਅਬੁਲ ਫਜ਼ਲ ਨੇ ਆਇਨ-ਏ-ਅਕਬਰੀ ਵਿਚ ਦਰਜ ਕੀਤਾ ਹੈ ਕਿ ਬਾਦਸ਼ਾਹ ਅਕਬਰ ਸੁਨਾਮ ਸ਼ਿਕਾਰ ਖੇਡਿਣ ਆਇਆ ਕਰਦੇ ਸਨ।
ਇਹ ਸ਼ਹਿਰ ਸਿਖਿਆ ਦੇ ਸਥਾਨ ਦਰ-ਉਲ-ਉਲੂਮ ਲਈ ਪ੍ਰਸਿੱਧ ਸੀ ਜਿੱਥੇ ਦੂਰੋਂ ਨੇੜਿਓਂ ਆਏ ਮੁਸਲਮਾਨਾਂ ਨੂੰ ਧਰਮ-ਸ਼ਾਸ਼ਤਰ ਦੀ ਸਿੱਖਿਆ ਦਿੱਤੀ ਜਾਂਦੀ ਸੀ।

ਸ਼ਹਿਰ ਵਿਚ ਮਹੱਤਵਪੂਰਣ ਅਤੇ ਪ੍ਰਾਚੀਨ ਸਥਾਨਾਂ ਦਾ ਵੇਰਵਾ ਹੇਠਾਂ ਦਿੱਤਾ ਹੈ:-

ਸੀਤਾ ਸਰ

ਇਹ 80 ਵਿੱਘਾ ਵਿਚ ਫੈਲਿਆ ਪ੍ਰਾਚੀਨ ਤਲਾਬ ਹੈ। ਮੰਨਿਆ ਜਾਂਦਾ ਹੈ ਕਿ ਜਦੋਂ ਸੀਤਾ ਨੂੰ ਉਸ ਦੇ ਪਤੀ ਰਾਮ ਨੇ ਘਰੋਂ ਕੱਢ ਦਿੱਤਾ ਸੀ ਤਾਂ ਸੀਤਾ ਨੇ ਇਸ ਤਲਾਬ ਵਿਚ ਆਪਣੇ ਕੇਸ ਧੋਤੇ ਸਨ। ਹੁਣ ਵੀ ਆਲੇ-ਦੁਆਲੇ ਦੀਆਂ ਵਿਧਵਾਵਾਂ ਇਥੇ ਆ ਕੇ ਕੇਸੀ ਇਸ਼ਨਾਨ ਕਰਦੀਆਂ ਹਨ। ਇਹ ਵੀ ਕਿਕਹਾ ਜਾਦਾ ਹੈ ਕਿ ਕਿਸੇ ਸਮੇਂ ਪੰਜਾਬ ਦਾ ਕੁੰਭ ਦਾ ਮੇਲਾ ਵੀ ਇੱਥੇ ਲਗਦਾ ਸੀ। ਕਿਹਾ ਜਾਂਦਾ ਹੈ ਕਿ ਇਸ ਤਲਾਬ ਵਿਚ ਸਰਸਵਤੀ ਨਦੀ ਦਾ ਪਾਣੀ ਭਰਿਆ ਹੋਇਆ ਸੀ। ਇਹ ਤੁਲਾਬ ਹੁਣ ਚੰਗੀ ਹਾਲਤ ਵਿਚ ਨਹੀਂ ਹੈ। ਤਲਾਬ ਦੇ ਦੱਖਣ ਪੱਛਮ ਅਤੇ ਉੱਤਰ ਵਲ ਸ਼ਿਵ ਮੰਦਰ ਬਣਾਏ ਗਏ ਹਨ। ਤਲਾਬ ਦੇ ਦੱਖਣ ਵਿਚ ਛੋਟਾ ਸ਼ੀਤਲਾ ਮਾਤਾ ਮਾੰਦਰ ਵੀ ਬਣਾਇਆ ਗਿਆ ਹੈ ਜਿਸ ਵਿਚ ਮਾਤਾ ਦੀ ਪ੍ਰਾਚੀਨ ਮੂਰਤੀ ਸਥਾਪਤ ਹੈ।

ਸੂਰਜ ਕੁੰਡ

ਇਹ ਇਮਾਰਤ ਸ਼ਹਿਰ ਦੇ ਪੂਰਬ ਵੱਲ ਲਗਭਗ 1 ਡੇਢ ਕਿ.ਮੀ. ਦੀ ਦੂਰੀ ਤੇ ਸਥਿਤ ਹੈ। ਸੁਨਾਮ ਦੇ ਸੂਰਜਪੁਰ ਦੀ ਥੇਹ ਵੀ ਬਹੁਤ ਨੇੜੇ ਹੈ। ਕਿਸੇ ਸਮੇਂ ਇਹ ਬਹੁਤ ਵੱਡੇ ਖੇਤਰ ਵਿਚ ਫੈਲੀ ਹੋਈ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਸਰਸਵਤੀ ਨਦੀ ਸੂਰਜ ਕੁੰਡ ਦੇ ਨੇੜੇ ਰਹਿੰਦੀ ਸੀ। ਇਸ ਸਥਾਨ ਦੇ ਨੇੜੇ ਹੁਣ ਤਿੰਨ ਛੋਟੇ ਮੰਦਰ ਹਨ। ਸੂਰਜ ਕੁੰਡ ਹੁਣ ਖਸਤਾ ਹਾਲਤ ਵਿਚ ਹੈ।

ਖਾਨਗਾਹ ਪੀਰ ਬਾਨਾ ਬਨੋਈ

ਇਹ ਸ਼ਹਿਰ ਵਿਚ ਇਕ ਪੁਰਾਣੀ ਇਮਾਰਤ ਅਤੇ ਮੁਸਲਮਾਨਾਂ ਦਾ ਸਮਾਰਕ ਹੈ। ਪੀਰ ਬਾਨਾ ਬਨੋਈ ਦੀ ਸਮਾਧ ਦੇ ਉੱਤਰ-ਪੱਛਮ ਵਿਚ ਇਮਾਰਤ ਮਸਜਿਦ ਬੇਣਾਈ ਗਈ। ਪੀਰ ਬਾਨਾ ਬਨੌਈ ਜਿਸ ਦਾ ਅਸਲ ਨਾਂ ਮਹਿਤਮੂਦ ਜਾਂ ਖਵਾਜਾ ਮਹਿਮੂਦ ਸੀ, ਅਯੱਦ ਜਾਤੀ ਦਾ ਸੀ। ਦੇਸ਼ ਦੀ ਵੰਡ ਤੋਂ ਪਹਿਲਾਂ ਖੇਤ ਦੇ ਮਹੀਨੇ (ਮਾਰਚ/ਅਪ੍ਰੈਲ) ਵਿਚ ਵੱਡ ਮੇਲਾ ਲੱਗਦਾ ਹੁੰਦਾ ਸੀ। ਜਿਸ ਵਿਚ ਪੇਸਵਰ, ਮੁਲਤਾਨ, ਰਾਵਲਪਿੰਡੀ ਅਤੇ ਲਹੌਰ (ਹੁਣ ਪਾਕਿਸਤਾਨ) ਤੋਂ ਲੋਕ ਸ਼ਾਮਲ ਹੁੰਦੇ ਸਨ। ਮੇਲੇ ਵਿਚ ਪੇਸ਼ਾਵਰ ਨ੍ਰਿਤਕ ਨ੍ਰਿਤ ਕਰਦੇ ਹੁੰਦੇ ਸਨ ਅਤੇ ਕਵਾਲੀਆਂ ਗਾਈਆਂ ਜਾਂਦੀਆਂ ਸਨ। ਇਲਾਕੇ ਦੇ ਸਾਰੇ ਤਬਕਿਆਂ ਦੇ ਇਸ ਸਥਾਨ ਦਾ ਸਨਮਾਨ ਕਰਦੇ ਹਨ। ਇਹ ਕਿਹਾ ਜਾਂਦਾ ਹੈ ਕਿ ਪੀਰ ਬਾਨਾ ਬਨੋਈ ਨੇ ਉਸ ਸਮੇਂ ਦੇ ਸੂਰਜਪੁਰ ਕਿਲ੍ਹੇ ਦੇ ਸ਼ਾਸ਼ਕ ਜਿਸ ਨੂੰ ਨਵੀਆਂ ਵਿਆਹੀਆਂ ਦੁਲਹਨਾਂ ਨੂੰ ਪਹਿਲੀਆਂ ਤਿੰਨ ਰਾਤਾ ਆਪਣੇ ਕੋਲ ਰੱਖਣ ਦੀ ਆਦਤ ਸੀ ਕਿਲ੍ਹੇ ਦੇ ਸ਼ਾਸ਼ਕ ਦਾ ਕਤਲ ਕੀਤਾ ਸੀ। ਇਹ ਵੀ ਮੰਨਿਆ ਜਾਂਦਾ ਹੈ ਕਿ ਬੁਰੀਆਂ ਆਤਮਾਵਾਂ ਤੋ ਗਰਸਤ ਲੋਕ ਜਦੋਂ ਖਾਨਗਾਹ ਦੇ ਬਾਹਰੀ ਗੇਟ ਦੇ ਪੱਛਮ ਵਿਚ ਸੁਰਾਖ ਵਿਚ ਆਪਣਾ ਸਿਰ ਪਾਉਂਦੇ ਹਨ ਤਾਂ ਲੋਕ ਠੀਕ ਹੋ ਜਾਂਦੇ ਹਨ।

ਸਮਾਧ ਭਾਈ ਮੂਲ ਚੰਦ

ਇਹ ਸਮਾਧ ਸ਼ਹਿਰ ਦੇ ਦੱਖਣ-ਪੂਰਬ ਵਿਚ ਸਥਿਤ ਹੈ। ਇਸ ਸਥਾਨ ਦਾ ਸਨਮਾਨ, ਸ਼ਹਿਰ ਦੇ ਹਿੰਦੂ ਅਤੇ ਸਿੱਖ ਦੋਹਾਂ ਵੱਲੋਂ ਕੀਤਾ ਜਾਂਦਾ ਹੈ। ਉਹ ਆਪਣੀਆਂ ਇਛਾਵਾਂ ਦੀ ਪੂਰਤੀ ਲਈ ਪ੍ਰਾਰਥਣਾ ਕਰਦੇ ਹਨ, ਜਿਹੜੀਆਂ ਕਿ ਪੂਰੀਆਂ ਹੋਈਆਂ ਮੰਨੀਆਂ ਜਾਂਦੀਆਂ ਹਨ। ਭਾਈ ਮੂਲ ਚੰਦ ਜਾਤ ਦਾ ਖੱਤਰੀ ਸੀ। ਉਸ ਦਾ ਪਿਤਾ ਬਠਿੰਡਾ ਵਿਖੇ ਦੁਕਾਨਦਾਰ ਸੀ। ਉਹ ਆਪਣੇ ਪੁੱਤਰ ਨੂੰ ਵੀ ਇਸੇ ਵਪਾਰ ਵਿਚ ਸ਼ਾਮਲ ਕਰਨਾ ਚਾਹੁੰਦਾ ਸੀ ਪਰ ਭਾਈ ਮੂਲ ਚੰਦ ਦੀ ਇਸ ਵਿਚ ਕੋਈ ਦਿਲਚਸਪੀ ਨਹੀਂ ਸੀ। ਕਿਉਂਕਿ ਉਹ ਬਚਪਨ ਤੋਂ ਹੀ ਭਗਤੀ ਵਿਚ ਲੀਨ ਰਹਿੰਦੇ ਸਨ। ਇਹ ਵੀ ਕਿਹਾ ਜਾਂਦਾ ਹੈ ਕਿ ਉਸਦਾ ਜਨਮ ਬੰਬੀ ਸਫੇਦ ਬੋਦੀ ਨਾਲ ਹੋਇਆ ਸੀ। ਉਹ ਪੰਡਿਤ ਗੰਗਾ ਰਾਮ ਦਾ ਸ਼ਾਗਿਰਦ ਸੀ। ਜੋ ਸੰਤ ਸੁਭਾਅ ਦਾ ਸੀ। ਭਾਈ ਮੂਲ ਚੰਦ ਵੀ ਸੁਭਾਅ ਵੱਲੋਂ ਸੰਤ ਹੋ ਗਏ। ਇਲਾਕੇ ਦੇ ਵੱਡੇ ਸਰਦਾਰਾਂ ਨੇ ਉਸ ਦਾ ਸਨਮਾਨ ਕਰਨਾ ਆਰੰਭ ਕਰ ਦਿੱਤਾ। ਇੱਥੋਂ ਤੱਕ ਕਿ ਪਟਿਆਲਾ ਰਿਆਸਤ ਦੇ ਬਾਨੀ ਬਾਬਾ ਆਲਾ ਸਿੰਘ ਵੀ ਉਸ ਦੀ ਬਹੁਤ ਇੱਜਤ ਕਰਦੇ ਸਨ ਅਤੇ ਇਸ ਸਥਾਨ ਤੇ ਅਕਸਰ ਜਾਇਆ ਕਰਦੇ ਸੀ। ਸੰਗਰੂਰ ਦਾ ਚੌਧਰੀ ਗੁਰਦਿੱਤ ਵੀ ਉਸ ਨੂੰ ਇੱਜਤ ਦਿੰਦਾ ਸੀ। ਭਾਈ ਮੂਲ ਚੰਦ ਆਪਣੀਆਂ ਰੂਹਾਨੀ ਪ੍ਰਾਪਤੀਆਂ ਕਰਕੇ ਇਲਾਕੇ ਵਿਚ ਬਹੁਤ ਪ੍ਰਸਿੱਧ ਸੀ। ਗੁਰੂ ਤੇਗ ਬਹਾਦਰ ਜੀ ਨੇ ਵੀ ਉਸ ਦੀ ਰੂਹਾਨੀਅਤ ਨੂੰ ਪਛਾਣਿਆ ਜਦੋਂ ਭਾਈ ਅਜੇ ਬੱਚਾ ਹੀ ਸੀ।

ਸੁਨਾਮ ਸ਼ਹੀਦ ਉਧਮ ਸਿੰਘ ਦਾ ਵੀ ਜਨਮ ਸਥਾਨ ਹੈ। ਜਿਸ ਨੇ ਸਰ ਮਾਈਕਲ ਓ ਡਾਇਰ ਦੀ 13 ਮਾਰਚ 1940 ਨੂੰ ਲੰਡਨ ਵਿਚ ਗੋਲੀ ਮਾਰੀ ਸੀ ਅਤੇ ਉਸ ਤੋਂ ਅੰਮ੍ਰਿਤਸਰ ਵਿਖੇ 1919 ਈ. ਵਿਚ ਹੋਏ ਜਲ੍ਹਿਆਂ ਵਾਲੇ ਬਾਗ ਦੇ ਕਤਲੇਆਮ ਦਾ ਬਦਲਾ ਲਿਆ ਸੀ। ਬਾਅਦ ਵਿਚ, ਉਧਰ ਸਿੰਘ ਨੂੰ 31 ਜੁਲਾਈ 1940 ਨੂੰ ਅੰਗਰੇਜ ਅਥਾਰਟੀਆਂ ਨੇ ਫਾਂਸੀ ਦਿੱਤੀ ਸੀ। ਅਤੇ ਇਸ ਮਿਤੀ ਨੂੰ ਸੁਨਾਮ ਵਿਖੇ ਹਰ ਸਾਲ ਇਸ ਮਹਾਨ ਭਾਰਤੀ ਸ਼ਹੀਦ ਨੂੰ ਸਰਧਾਂਜਲੀ ਦੇਣ ਲਈ ਮੇਲਾ ਲੱਗਦਾ ਹੈ। ਸ਼ਹੀਦ ਊਧਮ ਸਿੰਘ ਦੀ ਯਾਦ ਵਿਚ ਸ਼ਹਿਰ ਵਿਚ ਉਸ ਦਾ ਬੁੱਤ ਸਥਾਪਤ ਕੀਤਾ ਗਿਆ ਹੈ। ਇਸ ਸ਼ਹੀਦ ਦੀ ਯਾਦ ਵਿਚ ਸਟੇਡੀਅਮ ਵੀ ਬਣਾਇਆ ਗਿਆ ਹੈ। ਸੁਨਾਮ ਵਿਖੇ ਇਕ ਡਿਗਰੀ ਕਾਲਜ, ਕੁੜੀਆਂ ਲਈ ਸਰਕਾਰੀ ਹਾਇਰ ਸੈਕੰਡਰੀ ਸਕੂਲ, ਮੁਡਿੰਆਂ ਲਈ ਸਰਕਾਰੀ ਹਾਈ ਸਕੂਲ, ਦੋ ਪ੍ਰਾਈਵੇਟ ਹਾਈ ਸਕੂਲ, 50 ਬਿਸਤਰਿਆਂ ਵਾਲਾ ਹਸਪਤਾਲ ਅਤੇ ਜਿੰਮੀਦਾਰਾ ਰੈਸਟ ਹਾਊਸ ਹੈ। ਸੁਨਾਮ ਵਿਖੇ ਦਰਜਾ 2 ਮਿਊਂਸਪਲ ਕਮੇਟੀ ਹੈ।